ਕੇਜਰੀਵਾਲ ਦੀ ਸੀਬੀਆਈ ਪੇਸ਼ੀ ਦੇ ਚੱਲਦੇ ਸੀਐਮ ਭਗਵੰਤ ਮਾਨ ਪਹੁੰਚੇ ਦਿੱਲੀ ਨਵੀਂ ਦਿੱਲੀ:ਸ਼ਰਾਬ ਘੁਟਾਲੇ ਵਿੱਚ ਸੀਬੀਆਈ ਵੱਲੋਂ ਤਲਬ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਸੀਬੀਆਈ ਨੇ ਉਸ ਨੂੰ ਨੋਟਿਸ ਜਾਰੀ ਕਰਕੇ ਐਤਵਾਰ ਸਵੇਰੇ 11 ਵਜੇ ਪੁੱਛਗਿੱਛ ਲਈ ਬੁਲਾਇਆ ਹੈ। ਦਿੱਲੀ ਦੇ ਸਿਵਲ ਲਾਈਨ ਸਥਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਆਪਣੇ ਨੇਤਾ ਦੇ ਸਮਰਥਨ ਲਈ ਇਕੱਠੇ ਹੋ ਗਏ ਹਨ ਜਿਸ ਕਾਰਨ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਆਪ ਨੇਤਾ ਰਾਜਘਾਟ ਵਿਖੇ ਪਹੁੰਚੇ।
ਪੇਸ਼ੀ ਹੋਣ ਤੋਂ ਪਹਿਲਾਂ ਸੀਐਮ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ:ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, "ਸੀਬੀਆਈ ਨੇ ਮੈਨੂੰ ਤਲਬ ਕੀਤਾ ਹੈ। 75 ਸਾਲਾਂ ਬਾਅਦ ਦਿੱਲੀ ਵਿੱਚ ਅਜਿਹੀ ਸਰਕਾਰ ਆਈ, ਜਿਸ ਨੇ ਉਮੀਦ ਜਗਾਈ ਕਿ ਭਾਰਤ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ। ਕੁਝ ਦੇਸ਼ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਦੇਸ਼ ਅੱਗੇ ਵਧੇ। ਉਨ੍ਹਾਂ ਨੇ ਦੇਸ਼ ਨੂੰ ਜਕੜ ਲਿਆ ਹੋਇਆ ਹੈ। ਉਨ੍ਹਾਂ ਨੂੰ ਦੱਸ ਦਿਓ ਕਿ ਦੇਸ਼ ਰੁਕਣ ਵਾਲਾ ਨਹੀਂ ਹੈ।"
ਆਪ ਦੇ ਕਈ ਮੰਤਰੀ, ਵਿਧਾਇਕ ਤੇ ਵਲੰਟੀਅਰ ਕੀਤੇ ਗਏ ਨਜ਼ਰਬੰਦ: ਸਿਹਤ ਮੰਤਰੀ ਬਲਬੀਰ ਸਿੰਘ ਨੇ ਟਵੀਟ ਕੀਤਾ ਕਿ, 'ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਸੰਵਿਧਾਨ ਅਤੇ ਸੁਪਰੀਮ ਕੋਰਟ ਸਾਨੂੰ ਆਪਣੇ ਦੇਸ਼ ਵਿੱਚ ਆਜ਼ਾਦੀ ਨਾਲ ਘੁੰਮਣ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦਾ ਅਧਿਕਾਰ ਦਿੰਦੇ ਹਨ। ਨਾ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ। ਮੇਰੇ ਕਈ ਕੈਬਨਿਟ ਸਾਥੀਆਂ, ਵਿਧਾਇਕਾਂ ਅਤੇ ਵਲੰਟੀਅਰਾਂ ਨੂੰ ਬਾਦਲੀ ਵਿਖੇ ਗੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਕੀਤਾ ਗਿਆ ਹੈ। ਸ਼ਰਮ ਕਰੋ!'
ਪ੍ਰਦਰਸ਼ਨ ਕਰ ਰਹੇ ਕਈ ਆਪ ਨੇਤਾ ਹਿਰਾਸਤ 'ਚ ਲਏ:ਦਿੱਲੀ ਵਿਖੇ ਪੀਐਮ ਮੋਦੀ ਵਿਰੁੱਧ ਪ੍ਰਦਰਸ਼ਨ ਕਰੇ ਆਪ ਨੇਤਾਵਾਂ, ਵਿਧਾਇਕਾਂ ਤੇ ਵਲੰਟੀਅਰਾਂ ਨੂੰ ਪੁਲਿਸ ਨੇ ਡਿਟੇਨ ਕਰ ਦਿੱਤਾ ਹੈ। ਆਪ ਨੇ ਟਵੀਟ ਕੀਤਾ ਕਿ,''ਆਪ' ਦੇ ਵਿਧਾਇਕਾਂ ਅਤੇ ਦਿੱਲੀ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਭ੍ਰਿਸ਼ਟ ਅਤੇ ਤਾਨਾਸ਼ਾਹ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਜੇਲ੍ਹ 'ਚ ਡੱਕਣਾ ਸ਼ੁਰੂ ਕਰ ਦਿੱਤਾ ਹੈ।'
ਅਰਵਿੰਦ ਕੇਜਰੀਵਾਲ ਨੂੰ ਹੱਥ ਲਾਉਣਾ, ਮਤਲਬ ਖੁੱਲ੍ਹੀ ਤਾਰ 'ਤੇ ਹੱਥ ਰੱਖਣਾ: ਆਪ ਨੇਤਾ ਰਾਘਵ ਚੱਢਾ
ਸੀਐਮ ਮਾਨ ਸਣੇ ਕਈ ਆਪ ਨੇਤਾ ਪਹੁੰਚੇ ਕੇਜਰੀਵਾਲ ਦੇ ਘਰ:ਸੀਬੀਆਈ ਅੱਗੇ ਪੇਸ਼ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾ ਸਣੇ ਕਈ ਆਪ ਨੇਤਾ ਸੀਐਮ ਕੇਜਰੀਵਾਲ ਦੀ ਰਿਹਾਇਸ਼ ਵਿੱਚ ਪਹੁੰਚ ਚੁੱਕੇ ਹਨ। ਪੇਸ਼ੀ ਬਹਾਨੇ ਆਪ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੀਐਮ ਮਾਨ ਵੀ ਕੇਜਰੀਵਾਲ ਨਾਲ ਸੀਬੀਆਈ ਦਫ਼ਤਰ ਜਾਣਗੇ।
ਅੱਜ 11 ਵਜੇ ਹੋਵੇਗੀ ਪੁੱਛਗਿੱਛ: ਸੀਬੀਆਈ ਵੱਲੋਂ ਸ਼ੁਕਰਵਾਰ ਨੂੰ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਕਿ ਸ਼ਰਾਬ ਘੁਟਾਲਾ ਮਾਮਲੇ ਵਿੱਚ ਗਵਾਹ ਵਜੋਂ ਜਾਂਚ ਟੀਮ ਦੇ ਸਵਾਲਾਂ ਦੇ ਜਵਾਬ ਦੇਣ ਲਈ ਐਤਵਾਰ ਨੂੰ ਸਵੇਰੇ 11 ਵਜੇ ਏਜੰਸੀ ਦੇ ਮੁੱਖ ਦਫ਼ਤਰ ਵਿੱਚ ਹਾਜ਼ਰ ਹੋਣ। ਸੀਬੀਆਈ ਵੱਲੋਂ ਜਾਰੀ ਨੋਟਿਸ ਅਨੁਸਾਰ ਕੇਜਰੀਵਾਲ ਨੂੰ ਮਾਮਲੇ ਵਿੱਚ ਗਵਾਹ ਵਜੋਂ ਜਾਂਚ ਟੀਮ ਦੇ ਸਵਾਲਾਂ ਦੇ ਜਵਾਬ ਦੇਣ ਲਈ ਐਤਵਾਰ ਨੂੰ ਸਵੇਰੇ 11 ਵਜੇ ਏਜੰਸੀ ਦੇ ਮੁੱਖ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ, ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ।
ਭਗਵੰਤ ਮਾਨ ਪਹੁੰਚੇ ਦਿੱਲੀ: ਇਸ ਦੇ ਨਾਲ ਹੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਪਹੁੰਚੇ ਹੋਏ ਹਨ ਅਤੇ ਉਹ ਵੀ ਇੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਪਹੁੰਚਣਗੇ ਅਤੇ ਉਨ੍ਹਾਂ ਦੇ ਨਾਲ ਸੀਬੀਆਈ ਹੈੱਡਕੁਆਰਟਰ ਵੀ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਜਦੋਂ ਸੀਬੀਆਈ ਹੈੱਡਕੁਆਰਟਰ ਲਈ ਰਵਾਨਾ ਹੋਣਗੇ, ਤਾਂ ਉਨ੍ਹਾਂ ਨਾਲ ਪਾਰਟੀ ਦੇ ਸਾਰੇ ਸੰਸਦ ਮੈਂਬਰ, ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਆਤਿਸ਼ੀ, ਰਾਜਕੁਮਾਰ ਆਨੰਦ, ਇਮਾਮ ਹੁਸੈਨ ਅਤੇ ਗੋਪਾਲ ਰਾਏ ਵੀ ਸ਼ਾਮਲ ਹੋਣਗੇ।
ਦੁਨੀਆ 'ਚ ਕੋਈ ਵੀ ਇਮਾਨਦਾਰ ਨਹੀਂ:ਦਰਅਸਲ, ਸੀਬੀਆਈ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਮਾਮਲੇ 'ਚ ਪੁੱਛਗਿੱਛ ਲਈ ਨੋਟਿਸ ਦਿੱਤੇ ਜਾਣ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਨਿਸ਼ਾਨੇ ਸਾਧੇ। ਪਾਰਟੀ ਨੇਤਾਵਾਂ ਸੰਜੇ ਸਿੰਘ, ਸੌਰਭ ਭਾਰਦਵਾਜ, ਆਤਿਸ਼ੀ ਅਤੇ ਰਾਘਵ ਚੱਢਾ ਨੇ ਇਕ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਪਾਰਟੀ ਦਾ ਇਕ ਵੀ ਵਰਕਰ ਨਾ ਡਰਿਆ ਹੈ ਅਤੇ ਨਾ ਹੀ ਝੁਕੇਗਾ।
ਘੁਟਾਲਾ ਨਹੀਂ ਹੋਇਆ, ਤਾਂ ਡਰਾ ਧਮਕਾ ਕੇ ਬਿਆਨ ਲਿਖਵਾ ਰਹੇ: ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਆਪਣੀ ਗੱਲ ਰੱਖੀ। ਅੰਤ ਵਿੱਚ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕੇਜਰੀਵਾਲ ਭ੍ਰਿਸ਼ਟ ਹੈ, ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਅਤੇ ਈਡੀ ਕਰੀਬ ਇੱਕ ਸਾਲ ਤੋਂ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਪੈਸੇ ਅਤੇ ਸਬੂਤ ਮਿਲ ਜਾਣੇ ਚਾਹੀਦੇ ਸਨ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਦਾ ਦੋਸ਼ ਹੈ ਕਿ 100 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਅਤੇ ਦਿੱਤੀ ਗਈ ਜਿਸ ਦੀ ਵਰਤੋਂ ਗੋਆ ਚੋਣਾਂ ਵਿੱਚ ਕੀਤੀ ਗਈ। ਭਾਵੇਂ ਜਾਂਚ ਏਜੰਸੀਆਂ ਨੇ ਗੋਆ ਜਾ ਕੇ ਸਾਰੀ ਜਾਂਚ ਕੀਤੀ, ਪਰ ਉਥੇ ਵੀ ਕੁਝ ਨਹੀਂ ਮਿਲਿਆ, ਫਿਰ ਸੌ ਕਰੋੜ ਰੁਪਏ ਕਿੱਥੇ ਹਨ?
ਸੀਐਮ ਕੇਜਰੀਵਾਲ ਨੇ ਕਿਹਾ ਕਿ ਜਿੱਥੇ ਘੁਟਾਲਾ ਨਹੀਂ ਹੋਇਆ, ਉੱਥੇ ਲੋਕਾਂ ਨੂੰ ਡਰਾ ਧਮਕਾ ਕੇ ਬਿਆਨ ਲਿਖਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਲਈ ਨਵੀਂ ਉਮੀਦ ਬਣ ਕੇ ਉੱਭਰੀ ਹੈ ਅਤੇ ਪ੍ਰਧਾਨ ਮੰਤਰੀ ਅਤੇ ਭਾਜਪਾ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ।
ਭਾਜਪਾ ਕਰੇਗੀ ਕੇਜਰੀਵਾਲ ਦਾ ਵਿਰੋਧ: ਦੂਜੇ ਪਾਸੇ, ਭਾਜਪਾ ਆਗੂ ਵੀ ਐਤਵਾਰ ਨੂੰ ਰਾਜਘਾਟ ਸਥਿਤ ਬਾਪੂ ਦੀ ਸਮਾਧ 'ਤੇ ਕੇਜਰੀਵਾਲ ਦਾ ਵਿਰੋਧ ਕਰਨਗੇ। ਸ਼ਨੀਵਾਰ ਨੂੰ 'ਆਪ' ਸੰਸਦ ਰਾਘਵ ਚੱਢਾ ਨੇ ਅਰਵਿੰਦ ਕੇਜਰੀਵਾਲ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕੀਤੀ, ਜਿਸ ਨੂੰ ਭਾਜਪਾ ਨੇਤਾਵਾਂ ਨੇ ਬੇਤੁਕਾ ਕਰਾਰ ਦਿੱਤਾ। ਐਤਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਅਤੇ ਹੋਰ ਨੇਤਾ ਰਾਜਘਾਟ 'ਤੇ ਜਾ ਕੇ ਮਹਾਤਮਾ ਗਾਂਧੀ ਦੀ ਸਮਾਧ 'ਤੇ ਮੱਥਾ ਟੇਕਣਗੇ ਅਤੇ ਉਥੇ ਰੋਸ ਪ੍ਰਦਰਸ਼ਨ ਕਰਨਗੇ।
ਸਰਕਾਰ ਦਾ ਸਭ ਤੋਂ ਭ੍ਰਿਸ਼ਟ ਮੁਖੀ:ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦਾ ਕਹਿਣਾ ਹੈ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਤਲਬ ਕੀਤਾ ਹੈ। ਕੇਜਰੀਵਾਲ ਇਸ ਦਹਾਕੇ ਦੀ ਸਰਕਾਰ ਦਾ ਸਭ ਤੋਂ ਭ੍ਰਿਸ਼ਟ ਮੁਖੀ ਹੈ। ਜੇਕਰ ਮੁੱਖ ਮੰਤਰੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ ਤਾਂ ਉਨ੍ਹਾਂ ਦੀ ਜਾਂਚ ਤੋਂ ਡਰਨ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ਵਿੱਚ ਕਰੀਬ 50 ਦਿਨਾਂ ਤੋਂ ਜੇਲ੍ਹ ਵਿੱਚ ਹਨ। ਕਈ ਅਦਾਲਤੀ ਸੁਣਵਾਈਆਂ 'ਚ ਅਦਾਲਤ ਨੇ ਉਸ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਜੇਕਰ ਉਹ ਘੁਟਾਲੇ ਵਿੱਚ ਨਹੀਂ, ਤਾਂ ਜੇਲ੍ਹ ਵਿੱਚ ਕਿਉਂ ਹੈ।
ਇਹ ਵੀ ਪੜ੍ਹੋ:CBI Summons To Kejriwal: ਕੇਜਰੀਵਾਲ ਦੀ ਸੀਬੀਆਈ ਅੱਗੇ ਪੇਸ਼ੀ ਅੱਜ, ਸੀਜੀਓ ਕੰਪਲੈਕਸ ਇਲਾਕੇ 'ਚ ਧਾਰਾ 144 ਲਾਗੂ