ਨਵੀਂ ਦਿੱਲੀ: ਸੀਬੀਆਈ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੀਬੀਆਈ ਨੇ ਮੁੱਖ ਕੇਜਰੀਵਾਲ ਨੂੰ 16 ਅਪ੍ਰੈਲ ਨੂੰ ਤਲਬ ਕੀਤਾ ਹੈ। ਸੀਬੀਆਈ ਨੇ ਸਵਾਲਾਂ ਦੀ ਸੂਚੀ ਬਣਾਈ ਹੈ, ਜਿਸ ਦੇ ਆਧਾਰ 'ਤੇ ਉਹ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਦੋਸ਼ੀਆਂ ਦੀ ਗਵਾਹੀ 'ਚ ਕੇਜਰੀਵਾਲ ਦਾ ਨਾਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਾਂਚ ਟੀਮ ਦੇ ਸਵਾਲਾਂ ਦੇ ਜਵਾਬ ਦੇਣ ਲਈ ਕੇਜਰੀਵਾਲ ਨੂੰ ਸਵੇਰੇ 11 ਵਜੇ ਹੈੱਡਕੁਆਰਟਰ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੀ ਜਾਣਕਾਰੀ ਤੋਂ ਬਾਅਦ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਅੱਤਿਆਚਾਰਾਂ ਨੂੰ ਖਤਮ ਕੀਤਾ ਜਾਵੇਗਾ।
ਇਹ ਹੈ ਇਲਜ਼ਾਮ : ਇਲਜ਼ਾਮ ਹੈ ਕਿ ਦਿੱਲੀ ਸਰਕਾਰ ਦੀ 2021-22 ਲਈ ਸ਼ਰਾਬ ਕਾਰੋਬਾਰੀਆਂ ਨੂੰ ਲਾਇਸੈਂਸ ਦੇਣ ਦੀ ਆਬਕਾਰੀ ਨੀਤੀ ਨੇ ਕੁਝ ਡੀਲਰਾਂ ਦਾ ਪੱਖ ਪੂਰਿਆ, ਜਿਨ੍ਹਾਂ ਨੇ ਕਥਿਤ ਤੌਰ 'ਤੇ ਇਸ ਕੰਮ ਲਈ ਰਿਸ਼ਵਤ ਦਿੱਤੀ। 'ਆਪ' ਨੇ ਇਸ ਦੋਸ਼ ਦਾ ਜ਼ੋਰਦਾਰ ਖੰਡਨ ਕੀਤਾ ਹੈ। ਬਾਅਦ ਵਿੱਚ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਆਬਕਾਰੀ ਨੀਤੀ ਵਿੱਚ ਸੋਧ, ਲਾਇਸੈਂਸਧਾਰਕਾਂ ਨੂੰ ਗੈਰ-ਕਾਨੂੰਨੀ ਲਾਭ ਦੇਣ, ਲਾਇਸੈਂਸ ਫੀਸ ਵਿੱਚ ਛੋਟ/ਕਟੌਤੀ, ਬਿਨਾਂ ਮਨਜ਼ੂਰੀ ਦੇ ਐਲ-1 ਲਾਇਸੈਂਸ ਦਾ ਵਾਧਾ ਆਦਿ ਸਮੇਤ ਬੇਨਿਯਮੀਆਂ ਕੀਤੀਆਂ ਗਈਆਂ ਸਨ।