ਚੰਡੀਗੜ੍ਹ: ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰ ਇੱਕ ਮਾਮਲੇ ’ਚ 17 ਫਰਵਰੀ ਤੱਕ ਜਵਾਬ ਮੰਗਿਆ ਹੈ। ਦਰਅਸਰ 5 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਨੇ ਮਨੀਮਾਜਰਾ ਥਾਣੇ ਦੀ ਐੱਸ.ਐੱਚ.ਓ. ਰਹੀ ਇੰਸਪੈਕਟਰ ਜਸਵਿੰਦਰ ਕੌਰ ਦੇ ਖ਼ਿਲਾਫ਼ ਬਿਆਨ ਦਿੱਤੇ ਸਨ। ਜਿਸ ਤੋਂ ਮਗਰੋਂ ਸੀ.ਬੀ.ਆਈ. ਨੇ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਨੂੰ ਗਵਾਹ ਬਣਾਉਣ ਦੀ ਬਜਾਏ ਮੁਲਜ਼ਮ ਹੀ ਬਣਾ ਦਿੱਤਾ। ਇਸ ਮਾਮਲੇ ’ਚ ਸਰਬਜੀਤ ਸਿੰਘ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਮੰਗ ਕੀਤੀ ਹੈ ਕਿ ਉਸ ਨੂੰ ਕੇਸ ਵਿੱਚ ਗਵਾਹ ਬਣਾਇਆ ਜਾਵੇ। ਇਸ 'ਤੇ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।
ਪਿਛਲੇ ਮਹੀਨੇ ਸੀ.ਬੀ.ਆਈ. ਨੇ ਇਸ ਕੇਸ ਵਿੱਚ ਜਸਵਿੰਦਰ ਕੌਰ ਦੇ ਨਾਲ ਪੰਜ ਦੇ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ ਸੀ। ਇਸ ਵਿੱਚ ਸਰਬਜੀਤ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ। ਸਰਬਜੀਤ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਦੱਸਿਆ ਕਿ ਸਰਬਜੀਤ ਦਾ ਤਾਂ ਇਸ ਕੇਸ ਤੋਂ ਕੋਈ ਲੈਣਾ ਦੇਣਾ ਹੀ ਨਹੀਂ ਹੈ। ਉਸ ਨੂੰ ਤਾਂ ਸੀ.ਬੀ.ਆਈ. ਨੇ ਗਵਾਹ ਬਣਾਇਆ ਸੀ। ਬਕਾਇਦਾ ਸੀ.ਆਰ.ਪੀ.ਸੀ. ਦੇ 164 ਬਿਆਨ ਵੀ ਹੋਏ ਸੀ, ਜਿਸ ਵਿੱਚ ਉਸ ਨੇ ਜਸਵਿੰਦਰ ਕੌਰ ਦੇ ਖ਼ਿਲਾਫ਼ ਬਿਆਨ ਦਿੱਤੇ ਸੀ। ਪਰ ਹੁਣ ਸੀ.ਬੀ.ਆਈ. ਨੇ ਚਾਰਜਸ਼ੀਟ ਫਾਈਲ ਕੀਤੀ ਤਾਂ ਸਰਬਜੀਤ ਨੂੰ ਪ੍ਰਾਸੀਕਿਊਸ਼ਨ ਵਿਟਨੈੱਸ ਬਣਾਉਣ ਦੀ ਬਜਾਏ ਮੁਲਜ਼ਮ ਹੀ ਬਣਾ ਦਿੱਤਾ।