ਨਵੀਂ ਦਿੱਲੀ: ਅਗਲੇ ਦੋ ਮਹੀਨਿਆਂ 'ਚ ਹੋਣ ਵਾਲੀਆਂ ਦਿੱਲੀ ਨਗਰ ਨਿਗਮ ਦੀਆਂ ਵੱਡੀਆਂ ਚੋਣਾਂ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਨਿਗਮ ਕੌਂਸਲਰ ਗੀਤਾ ਰਾਵਤ ਨੂੰ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਪੂਰਬੀ ਦਿੱਲੀ ਨਗਰ ਨਿਗਮ ਦੇ ਪੱਛਮੀ ਵਿਨੋਦ ਨਗਰ ਤੋਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੱਛਮੀ ਵਿਨੋਦ ਨਗਰ ਵਾਰਡ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਟਪੜਗੰਜ ਵਿਧਾਨ ਸਭਾ ਅਧੀਨ ਆਉਂਦਾ ਹੈ। ਇਸ ਤੋਂ ਬਾਅਦ ਦਿੱਲੀ ਦੀ ਸਿਆਸਤ ਗਰਮਾ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਗੀਤਾ ਰਾਵਤ ਇਲਾਕੇ 'ਚ ਮੂੰਗਫਲੀ ਦੀ ਦੁਕਾਨ ਲਗਾਉਣ ਵਾਲੇ ਸਨਾਉੱਲਾਹ ਰਾਹੀਂ ਰਿਸ਼ਵਤ ਲੈਂਦੀ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ਸਨਾਉੱਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਗੀਤਾ ਰਾਵਤ ਨੂੰ ਸੀਬੀਆਈ ਨੇ ਪੱਛਮੀ ਵਿਨੋਦ ਨਗਰ ਅਧੀਨ ਪੈਂਦੇ ਅੰਬੇਡਕਰ ਪਾਰਕ ਵਿੱਚ ਕੌਂਸਲਰ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਹੈ।