ਨਵੀਂ ਦਿੱਲੀ: ਦਿੱਲੀ ਵਿੱਚ ਕੋਵਿਡ 19 (CASES OF Covid 19 ) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 17,335 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਨਫੈਕਸ਼ਨ ਦੀ ਦਰ ਹੁਣ 17.73 ਫੀਸਦੀ 'ਤੇ ਪਹੁੰਚ ਗਈ ਹੈ। ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 8,951 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਅੱਠ ਮਹੀਨਿਆਂ ਬਾਅਦ ਦਿੱਲੀ ਵਿੱਚ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਅਤੇ ਸੰਕਰਮਣ ਦਰ ਦਰਜ ਕੀਤੀ ਗਈ ਹੈ।
ਇਸ ਤੋਂ ਪਹਿਲਾਂ 8 ਮਈ ਨੂੰ 17,364 ਮਾਮਲੇ ਆਏ ਸਨ। 11 ਮਈ ਨੂੰ, 17.75 ਪ੍ਰਤੀਸ਼ਤ ਸੰਕਰਮਣ ਦਰ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 9 ਮਰੀਜ਼ਾਂ ਦੀ ਮੌਤ ਹੋਈ ਹੈ, ਜੋ ਕਿ 26 ਜੂਨ ਤੋਂ ਬਾਅਦ ਇੱਕ ਦਿਨ ਵਿੱਚ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 39,873 ਤੱਕ ਪਹੁੰਚ ਗਈ ਹੈ, ਜੋ ਸਾਢੇ ਸੱਤ ਮਹੀਨਿਆਂ ਬਾਅਦ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 20 ਮਈ ਨੂੰ ਸਰਗਰਮ ਮਰੀਜ਼ਾਂ ਦੀ ਗਿਣਤੀ 40,214 ਸੀ।