ਬਠਿੰਡਾ:ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਸਿੱਧੂ ਸਮੇਤ 20 ਵਿਅਕਤੀਆਂ ਤੇ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਥਾਣੇ ਦੀ ਪੁਲੀਸ ਨੇ ਹਰਿਆਣਾ ਵਿੱਚ ਸਥਿਤ ਇੱਕ ਕਿਲ੍ਹੇ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਹਰਿਆਣਾ ਪੁਲਿਸ ਨੇ ਇਹ ਕਾਰਵਾਈ ਹਰਿਆਣਾ ਦੇ ਪਿੰਡ ਝੜੌਲੀ ਖੁਰਦ ਦੇ ਵਾਸੀ ਅਜੀਤ ਸਿੰਘ ਮਾਹਲ ਦੀ ਲਿਖਤੀ ਸ਼ਿਕਾਇਤ ’ਤੇ ਕੀਤੀ ਹੈ। ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਥਾਣਾ ਸ਼ਾਹਬਾਦ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਅਜੀਤ ਸਿੰਘ ਮਾਹਲ ਵਾਸੀ ਪਿੰਡ ਝੜੌਲੀ ਖੁਰਦ ਹਰਿਆਣਾ ਨੇ ਦੱਸਿਆ ਕਿ 4 ਮਈ 2022 ਦੀ ਦੁਪਹਿਰ ਨੂੰ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਕੈਪਟਨ ਬਖਸ਼ੀਸ਼ ਸਿੰਘ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਸਾਬਕਾ ਬਠਿੰਡਾ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਉਨ੍ਹਾਂ ਦੀ ਮਾਤਾ ਬੀਬੀ ਅਮਰਜੀਤ ਕੌਰ ਸਿੱਧੂ 25 ਤੋਂ 30 ਅਣਪਛਾਤੇ ਵਿਅਕਤੀਆਂ ਨਾਲ ਫਾਰਚੂਨਰ ਗੱਡੀ ਨੰਬਰ ਪੀ.ਬੀ.-03-0001, ਇਨੋਵਾ ਗੱਡੀ ਨੰਬਰ ਪੀ.ਬੀ.-03ਬੀ.ਵੀ-4646, ਗੱਡੀ ਨੰਬਰ ਡੀ.ਐਲ.-6ਸੀ.ਟੀ.-1617 ਵਿੱਚ ਸਵਾਰ ਸਨ ਅਤੇਗੱਡੀ ਨੰਬਰ CH-01BD-1122 'ਤੇ ਸਵਾਰ ਹੋ ਕੇ ਆਏ ਅਤੇ ਜਿੰਦਾ ਤੋੜ ਕੇ ਆਪਣਾ ਕਬਜਾ ਕਰ ਲਿਆ।
ਅਜੀਤ ਸਿੰਘ ਮਾਹਲ ਅਨੁਸਾਰ ਉਸ ਸਮੇਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਉਸਦੇ ਅਣਪਛਾਤੇ ਸਾਥੀਆਂ ਕੋਲ ਬੰਦੂਕਾਂ, ਤਲਵਾਰਾਂ ਅਤੇ ਹੋਰ ਕਈ ਤੇਜ਼ਧਾਰ ਹਥਿਆਰ ਸਨ। ਅਜੀਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੀ 4 ਮਈ ਨੂੰ ਉਹ ਪੰਜਾਬ ਦੇ ਬਲਾਚੌਰ ਦੀ ਅਦਾਲਤ 'ਚ ਪੇਸ਼ ਸੀ ਅਤੇ ਅਦਾਲਤ 'ਚ ਆਏ ਸਨ | ਉਸ ਨੇ ਇਲਜ਼ਾਮ ਲਾਇਆ ਕਿ ਜੇਕਰ ਉਹ ਉਸ ਸਮੇਂ ਕਿਲ੍ਹੇ ਵਿੱਚ ਮੌਜੂਦ ਹੁੰਦਾ ਤਾਂ ਸ਼ਾਇਦ ਉਸ ਦੀ ਜਾਨ ਜਾ ਸਕਦੀ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਅਜੀਤ ਸਿੰਘ ਮਾਹਲ ਨੇ ਦੱਸਿਆ ਕਿ ਉਸ ਦੇ ਕਿਲ੍ਹੇ ’ਚੋਂ ਬੋਰ ਦੀ ਬੰਦੂਕ ਅਤੇ ਜਿੰਦਾ ਕਾਰਤੂਸ, ਉਸ ਦੀ ਪਤਨੀ ਦੇ ਸੋਨੇ ਦੇ ਗਹਿਣੇ, ਉਸ ਦੇ 12 ਸੋਨੇ ਦੇ ਬਟਨ, ਨਕਦੀ ਤੋਂ ਇਲਾਵਾ ਕੁਝ ਜ਼ਰੂਰੀ ਦਸਤਾਵੇਜ਼ ਕਮਰੇ ਵਿੱਚ ਪਏ ਸਨ। ਇਸ ਤੋਂ ਬਾਅਦ 4 ਮਈ ਨੂੰ ਉਸ ਨੇ ਆਪਣੇ ਵਕੀਲ ਰਾਹੀਂ ਸ਼ਾਹਬਾਦ ਥਾਣੇ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ।