ਚੰਡੀਗੜ੍ਹ: ਦਿਲਕਸ਼ ਅਦਾਵਾਂ ਅਤੇ ਸ਼ਾਨਦਾਰ ਡਾਂਸ ਨਾਲ ਲੋਕਾਂ ਦੇ ਦਿਲਾਂ ਉੱਤੇ ਲੰਮੇਂ ਸਮੇਂ ਤੋਂ ਰਾਜ ਕਰ ਰਹੀ ਡਾਂਸਰ ਸਪਨਾ ਚੌਧਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸਪਨਾ ਚੌਧਰੀ ਦੀ ਭਰਜਾਈ ਨੇ ਮਾਮਲਾ ਦਰਜ ਕਰਵਾਇਆ ਹੈ। ਦਰਜ ਕੇਸ ਵਿੱਚ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਦਾਜ ਵਿੱਚ ਕ੍ਰੇਟਾ ਕਾਰ ਦੀ ਮੰਗ ਕੀਤੀ ਗਈ ਸੀ ਪਰ ਜਦੋਂ ਕ੍ਰੇਟਾ ਕਾਰ ਨਹੀਂ ਦਿੱਤੀ ਗਈ ਤਾਂ ਪੀੜਤਾ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਗੰਭੀਰ ਇਲਜ਼ਾਮ: ਸਪਨਾ ਚੌਧਰੀ ਦੀ ਭਰਜਾਈ ਨੇ ਜਿੱਥੇ ਉਸ ਦੇ ਭਰਾ ਕਰਨ ਉੱਤੇ ਗੈਰ-ਕੁਦਰਤੀ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਇਲਜ਼ਾਮ ਲਗਾਏ ਹਨ ਉੱਥੇ ਹੀ ਸਪਨਾ ਚੌਧਰੀ ਦਾ ਮਾਂ ਉੱਤੇ ਲੱਗੇ ਦਾਜ ਦੀ ਮੰਗ ਅਤੇ ਕੁੱਟਮਾਰ ਦੇ ਇਲਜ਼ਾਮ ਲਾਏ ਹਨ । ਪਲਵਲ ਦੀ ਰਹਿਣ ਵਾਲੀ ਸਪਨਾ ਚੌਧਰੀ ਦੀ ਭਰਜਾਈ ਨੇ ਮਹਿਲਾ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਾਲ 2018 ਵਿੱਚ ਉਸ ਦਾ ਵਿਆਹ ਸਪਨਾ ਚੌਧਰੀ ਦੇ ਭਰਾ ਕਰਨ, ਵਾਸੀ ਨਜਫਗੜ੍ਹ, ਦਿੱਲੀ ਨਾਲ ਹੋਇਆ ਸੀ ਅਤੇ ਜਿਸ 'ਚ ਉਸ ਦੇ ਪਰਿਵਾਰ ਵਾਲਿਆਂ ਨੇ 42 ਤੋਲੇ ਸੋਨਾ ਅਤੇ ਦਾਜ ਦੇ ਨਾਲ ਨਾਲ ਬਾਕੀ ਸਮਾਨ ਵੀ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਿੱਲੀ ਦੇ ਇਕ ਹੋਟਲ 'ਚ ਵਿਆਹ ਦਾ ਆਯੋਜਨ ਕਰਨ ਲਈ ਕਿਹਾ ਗਿਆ ਸੀ, ਜਿਸ 'ਤੇ ਕਰੀਬ 42 ਲੱਖ ਰੁਪਏ ਦਾ ਖਰਚਾ ਆਇਆ ਸੀ ।