ਨਵੀਂ ਦਿੱਲੀ: ਪਿਛਲੇ ਕਈ ਦਿਨ੍ਹਾਂ ਤੋਂ ਏਮਜ਼ ਦਿੱਲੀ ਵਿੱਚ ਦਾਖ਼ਲ ਰਾਜੂ ਸ੍ਰੀਵਾਸਤਵ (Raju Srivastava) ਦਾ ਕਾਰਡੀਓਲਾਜੀ ਅਤੇ ਨਿਊਰੋ ਵਿਭਾਗ (Department of Cardiology and Neuro) ਇਲਾਜ ਕਰ ਰਹੇ ਹਨ। ਰਾਜੂ ਨੂੰ 12 ਦਿਨ੍ਹਾਂ ਤੋਂ ਹੋਸ਼ ਨਹੀਂ ਆਇਆ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਏਮਜ਼ ਦੇ ਡਾਕਟਰ ਅਜੇ ਵੀ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਦਾ ਦਿਮਾਗ ਹੌਲੀ-ਹੌਲੀ ਆਕਸੀਜਨ ਦੀ ਮਦਦ ਨਾਲ ਆਪਣੇ ਨਵੇਂ ਸੈੱਲ ਪੈਦਾ ਕਰਕੇ ਆਪਣੇ ਆਪ ਨੂੰ ਥੋੜ੍ਹਾ ਠੀਕ ਕਰ ਲਵੇਗਾ ਕਿਉਂਕਿ ਇਹ ਪ੍ਰਕਿਰਿਆ ਬਹੁਤ ਹੌਲੀ ਹੁੰਦੀ ਹੈ, ਇਸ ਲਈ ਚੇਤਨਾ ਮੁੜ ਪ੍ਰਾਪਤ ਕਰਨ ਵਿੱਚ ਦੋ ਹਫ਼ਤਿਆਂ ਤੋਂ ਵੱਧ ਸਮਾਂ ਲੱਗ ਸਕਦਾ ਹੈ।
ਏਮਜ਼ ਦੇ ਡਾਕਟਰਾਂ ਨੇ ਪਰਿਵਾਰ ਨੂੰ ਧੀਰਜ ਰੱਖਣ ਅਤੇ ਨਿਰਾਸ਼ ਨਾ ਹੋਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਰਾਜੂ ਦੇ ਪਰਿਵਾਰ ਦੇ ਲੋਕ ਵੀ ਏਮਜ਼ ਦੇ ਡਾਕਟਰਾਂ 'ਤੇ ਪੂਰਾ ਭਰੋਸਾ ਜਤਾਉਂਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਰਾਜੂ ਜਲਦੀ ਠੀਕ ਹੋ ਜਾਵੇ। ਕਾਮੇਡੀ ਸੁਪਰਸਟਾਰ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਸਮੇਤ ਸਾਰੇ ਪ੍ਰਸ਼ੰਸਕ ਚਿੰਤਤ ਹਨ। ਪਰਿਵਾਰਕ ਮੈਂਬਰ ਅਤੇ ਕਾਮੇਡੀਅਨ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਨ। ਰਾਜੂ ਦੇ ਵੱਡੇ ਭਰਾ ਦੇ ਦਿੱਲੀ ਸਥਿਤ ਘਰ 'ਤੇ ਉਨ੍ਹਾਂ ਦੀ ਸਿਹਤ ਲਈ ਵਿਸ਼ੇਸ਼ ਪੂਜਾ ਕਰਵਾਈ ਜਾ ਰਹੀ ਹੈ।