‘ਲਾਪਰਵਾਹੀ‘ ਲੈ ਬੈਠੀ ਕੈਪਟਨ ਦੀ ਕੁਰਸੀ
ਦੇਸ਼ ਦੇ ਚੋਣਵੇਂ ਰਾਜਸੀ ਆਗੂਆਂ ਦੀ ਕਤਾਰ ਵਾਲੇ ਕਾਂਗਰਸ ਦੇ ਘਾਗ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਲਾਪਰਵਾਹੀਆਂ ਹੀ ਲੈ ਬੈਠੀਆਂ ਤੇ ਅਜੇ ਤੱਕ ਭੁਲੇਖੇ ਵਿੱਚ ਰਹਿਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਆਖਰ ਹੱਥ ਧੋਣੇ ਪੈ ਗਏ। ਕੈਪਟਨ ਤੋਂ ਉਨ੍ਹਾਂ ਦੇ ਵਿਧਾਇਕ ਹੀ ਨਾਖ਼ੁਸ਼ ਰਹੇ ਤੇ ਹਮੇਸ਼ਾ ਇਹ ਸ਼ਿਕਾਇਤ ਕਰਦੇ ਆਏ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਦੇ ਹੀ ਨਹੀਂ। ਇਸ ਤੋਂ ਵੀ ਵੱਡੀ ਸ਼ਿਕਾਇਤ ਇਹ ਸੀ ਕਿ ਸਰਕਾਰ ਅਫਸਰਸ਼ਾਹੀ ਚਲਾ ਰਹੀ ਹੈ ਤੇ ਵਿਧਾਇਕਾਂ ਨੂੰ ਬੈਠਣ ਤੱਕ ਨੂੰ ਨਹੀਂ ਪੁੱਛਦੇ। ਵਿਧਾਇਕਾਂ ਦੀ ਅਣਦੇਖੀ ਇਸ ਕਦਰ ਮਹਿੰਗੀ ਪੈ ਗਈ ਕਿ ਅੰਤ ਕਾਂਗਰਸ ਹਾਈਕਮਾਂਡ ਨੇ ਕੈਪਟਨ ਨੂੰ ਹੀ ਅਣਡਿੱਠਾ ਕਰ ਦਿੱਤਾ ਤੇ ਉਨ੍ਹਾਂ ‘ਤੇ ਅਸਤੀਫੇ ਦਾ ਦਬਾਅ ਬਣ ਗਿਆ।
ਕੈਪਟਨ ਦੀਆਂ ਕਮਜੋਰੀਆਂ ਨੂੰ ਹਥਿਆਰ ਬਣਾ ਕੇ ਵਿਰੋਧੀਆਂ ਨੇ ਪੂਰੀ ਭੂਮਿਕਾ ਤਿਆਰ ਕਰ ਦਿੱਤੀ। ਉਨ੍ਹਾਂ ‘ਤੇ ਪਾਰਟੀ ਆਗੂਆਂ ਨੂੰ ਨਾ ਮਿਲਣ ਦੇ ਇਲਜ਼ਾਮ ਲੱਗੇ। ਉਥੇ ਹੀ ਸੂਬੇ ਵਿੱਚ ਅਫਸਰਸ਼ਾਹੀ ਦਾ ਹਾਵੀ ਰਹਿਣਾ ਵੀ ਇਸ ਵਿੱਚ ਇੱਕ ਵੱਡਾ ਕਾਰਨ ਸੀ, ਨਾਲ ਹੀ ਉਨ੍ਹਾਂ ਉੱਤੇ ਵਿਰੋਧੀ ਦਲਾਂ ਨਾਲ ਗੰਢ-ਤੁੱਪ ਦਾ ਦੋਸ਼ ਵੀ ਲੱਗਿਆ। ਅਜਿਹੇ ਕਾਰਨਾਂ ਨੂੰ ਲੈ ਕੇ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਨੂੰ ਇਸੇ ਦਾਅ ਨਾਲ ਪਟਖਨੀ ਦੇ ਦਿੱਤੀ। ਸਿੱਧੂ ਵਾਰ-ਵਾਰ ਕੈਪਟਨ ਦੀ ਇਨ੍ਹਾਂ ਕਮਜੋਰੀਆਂ ਨੂੰ ਸਾਹਮਣੇ ਲਿਆਂਦੇ ਗਏ, ਜਿਸ ਨਾਲ ਪ੍ਰਦੇਸ਼ ਕਾਂਗਰਸ ਵਿੱਚ ਕੈਪਟਨ ਦੇ ਖਿਲਾਫ ਖੁੱਲੀ ਬਗਾਵਤ ਹੋਣ ਲੱਗੀ।
ਸਿੱਧੂ ਦੇ ਇਸ ਦਾਅ ਵਿੱਚ ਫਸੇ ਕੈਪਟਨ ਨੂੰ ਮਜਬੂਰ ਹੋ ਕੇ ਨੇਤਾਵਾਂ ਨਾਲ ਮਿਲਣ ਲਈ ਮਜਬੂਰ ਹੋਣਾ ਪਿਆ। ਕੈਪਟਨ ਆਪਣੇ ਫਾਰਮ ਹਾਊਸ ਤੋਂ ਬਾਹਰ ਹੀ ਨਹੀਂ ਨਿਕਲਦੇ ਸੀ ਤੇ ਇਥੋਂ ਹੀ ਸਰਕਾਰ ਚਲਾਉਂਦੇ ਰਹੇ। ਦੋਸ਼ ਲਗਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਜਿਆਂ ਵਾਂਗ ਸਰਕਾਰ ਚਲਾਉਂਦੇ ਹਨ। ਬਾਅਦ ਵਿੱਚ ਨੌਬਤ ਇੱਥੋਂ ਤੱਕ ਆ ਗਈ ਕਿ ਵਿਧਾਇਕਾਂ ਤੱਕ ਨੂੰ ਨਾ ਮਿਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਚੇਅਰਮੈਨਾਂ ਤੱਕ ਨਾਲ ਮਿਲਣ ਲੱਗੇ। ਜੋ ਇਲਜ਼ਾਮ ਸਿੱਧੂ ਲਗਾਉਂਦੇ ਰਹੇ, ਕੈਪਟਨ ਨੇ ਉਨ੍ਹਾਂ ਨੂੰ ਗਲਤ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰਨ ਲੱਗੇ। ਕੈਪਟਨ ਨੇ ਇਸ ਤੋਂ ਬਾਅਦ ਤਾਲਮੇਲ ਲਈ ਕੁੱਝ ਸਲਾਹਕਾਰ ਵੀ ਲਗਾਏ, ਲੇਕਿਨ ਵਿਧਾਇਕਾਂ ਦੀ ਗੱਲ ਸੁਣਨ ਦੀ ਬਜਾਇ ਸਲਾਹਕਾਰਾਂ ਨਾਲ ਟਕਰਾਅ ਦੀ ਹਾਲਤ ਬਣਨ ਲੱਗੀ ਤੇ ਇਸੇ ਕਾਰਨ ਕੈਪਟਨ ਦੇ ਖਿਲਾਫ ਪੂਰਾ ਸਿਆਸੀ ਜਾਲ ਵਿਛਦਾ ਚਲਾ ਗਿਆ।