ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਣ ਉਪਰੰਤ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਤੇ ਸੀਪੀਆਈ ਐਮ ਆਗੂ ਸੀਤਾਰਾਮ ਯੇਚੁਰੀ ਸਮੇਤ ਜਿਥੇ ਹੋਰ ਰਾਜਸੀ ਧਿਰਾਂ ਨਵੀਨੀਕਰਣ ਨੂੰ ਸ਼ਹੀਦਾਂ ਦਾ ਅਪਮਾਨ ਦੱਸ ਰਹੀ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਂਘ ਨੇ ਅੱਜ ਹੀ ਇੱਕ ਬਿਆਨ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਲੱਗਿਆ ਕਿ ਇਥੋਂ ਕੁਝ ਹਟਾ ਦਿੱਤਾ ਗਿਆ ਹੋਵੇ। ਉਨ੍ਹਾਂ ਇੱਕ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਚੰਗਾ ਲੱਗਿਆ ਹੈ।
ਕਿਹਾ ਉਨ੍ਹਾਂ ਨੂੰ ਨਵੀਨਕਰਣ ਚੰਗਾ ਲੱਗਿਆ
ਇਹ ਬਿਆਨ ਰਾਹੁਲ ਗਾਂਧੀ ਦੇ ਬਿਆਨ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਅੱਜ ਸਵੇਰੇ ਹੀ ਟਵੀਟ ਕਰਕੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸ਼ਹਾਦਤ ਬਾਰੇ ਪਤਾ ਨਹੀਂ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਨੇ ਸ਼ਹਾਦਤ ਨਹੀਂ ਦਿੱਤੀ, ਉਹ ਸ਼ਹਾਦਤ ਬਾਰੇ ਕੀ ਸਮਝ ਸਕਦੇ ਹਨ। ਰਾਹੁਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਸ਼ਹੀਦੀ ਦਿੱਤੀ ਹੈ ਤੇ ਉਹ ਜਾਣਦੇ ਹਨ ਕਿ ਸ਼ਹੀਦਾਂ ਦਾ ਸਨਮਾਨ ਕੀ ਹੁੰਦਾ ਹੈ। ਉਨ੍ਹਾਂ ਕਿਹਾ ਸੀ ਕਿ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਣ ਕਰਕੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਪਰ ਅੱਜ ਸ਼ਾਮ ਨੂੰ ਹੀ ਇਸ ਦੇ ਉਲਟ ਕੈਪਟਨ ਅਮਰਿੰਦਰ ਸਿਂਘ ਨੇ ਰਾਹੁਲ ਦੇ ਬਿਆਨ ਤੋਂ ਬਿਲਕੁਲ ਉਲਟ ਬਿਆਨ ਦੇ ਦਿੱਤਾ ਹੈ।
ਵਿਰੋਧੀ ਧੜਾ ਬਣਾ ਸਕਦਾ ਹੈ ਮੁੱਦਾ
ਜਿਕਰਯੋਗ ਹੈ ਕਿ ਨਵਜੋਤ ਸਿਂਘ ਸਿੱਧੂ ਤੇ ਕੈਪਟਨ ਵਿਚਾਲੇ ਤਗੜੀ ਖਿੱਚੋਤਾਣ ਚੱਲ ਰਹੀ ਹੈ। ਹਾਲਾਂਕਿ ਕਾਂਗਰਸ ਹਾਈਕਮਾਂਡ ਪਿਛਲੇ ਦਿਨਾਂ ਤੋਂ ਕੈਪਟਨ ਦਾ ਪੱਖ ਪੂਰਦੀ ਨਜਰ ਆ ਰਹੀ ਹੈ ਪਰ ਅੱਜ ਉਨ੍ਹਾਂ ਵੱਲੋਂ ਦਿੱਤੇ ਬਿਆਨ ਨੂੰ ਵਿਰੋਧੀ ਧੜਾ ਪਾਰਟੀ ਵਿਚ ਵੱਡਾ ਮੁੱਦਾ ਬਣਾ ਸਕਦਾ ਹੈ।