ਹੈਦਰਾਬਾਦ ਡੈਸਕ: ਭਾਰਤ ਨੂੰ ਅੱਖਾ ਦਿਖਾਉਣ ਵਾਲੇ ਕੈਨੇਡਾ ਦੀ ਪੂਰੀ ਦੁਨੀਆ ਸਾਹਮਣੇ ਕਿਰਕਿਰੀ ਹੋ ਗਈ ਹੈ। ਕੈਨੇਡੀਅਨ ਸੰਸਦ ਵਿੱਚ ਸਪੀਕਰ ਨੇ ਤਾਨਾਸ਼ਾਹ ਅਡੌਲਫ ਹਿਟਲਰ ਦੇ ਇੱਕ ਸਿਪਾਹੀ ਨੂੰ ਜੰਗੀ ਨਾਇਕ ਵਜੋਂ ਸਨਮਾਨਿਤ ਕੀਤਾ। ਸੰਸਦ 'ਚ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਨਾਜ਼ੀ ਪੱਖੀ ਸਾਬਕਾ ਫੌਜੀ ਨੂੰ ਸਲਾਮ ਕੀਤਾ। ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਇਹ ਫੌਜੀ ਨਾਜ਼ੀ ਸਮਰਥਕ ਹੈ ਤਾਂ ਪੂਰੇ ਕੈਨੇਡਾ ਵਿੱਚ ਹੰਗਾਮਾ ਮਚ ਗਿਆ। ਬਾਅਦ ਵਿੱਚ ਕੈਨੇਡਾ ਨੂੰ ਯਹੂਦੀ ਭਾਈਚਾਰੇ ਤੋਂ ਮੁਆਫੀ ਮੰਗਣੀ ਪਈ।
ਹਿਟਲਰ ਦੀ ਸੈਨਾ ਦੇ ਸਿਪਾਹੀ ਨੂੰ ਜੰਗੀ ਨਾਇਕ ਵਜੋਂ ਕੀਤਾ ਸਨਮਾਨਿਤ: ਦਰਅਸਲ, ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕੀਤਾ। ਜ਼ੇਲੇਨਸਕੀ ਰੂਸੀ ਹਮਲੇ ਵਿਰੁੱਧ ਯੂਕਰੇਨ ਦੀ ਲੜਾਈ ਲਈ ਪੱਛਮੀ ਸਹਿਯੋਗੀਆਂ ਤੋਂ ਸਮਰਥਨ ਪ੍ਰਾਪਤ ਕਰਨ ਲਈ ਓਟਾਵਾ ਵਿੱਚ ਸੀ। ਜ਼ੇਲੇਨਸਕੀ ਦੇ ਸੰਬੋਧਨ ਤੋਂ ਤੁਰੰਤ ਬਾਅਦ, ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਦੀ ਫੌਜ ਵਿੱਚ ਸਿਪਾਹੀ ਰਹੇ ਯਾਰੋਸਲਾਵ ਹੰਕਾ ਨੂੰ ਯੂਕਰੇਨ ਦੇ ਹੀਰੋ ਵਜੋਂ ਸਨਮਾਨਿਤ ਕੀਤਾ ਗਿਆ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਹੰਕਾ ਨੇ ਨਾਜ਼ੀ ਫੌਜ ਵਿੱਚ ਸੇਵਾ ਕਰਦੇ ਹੋਏ ਯਹੂਦੀ ਭਾਈਚਾਰੇ ਨੂੰ ਤਸੀਹੇ ਦਿੱਤੇ। ਜਦੋਂ ਇਸ ਸਬੰਧੀ ਵਿਵਾਦ ਵਧ ਗਿਆ ਤਾਂ ਸਪੀਕਰ ਐਂਥਨੀ ਰੋਟਾ ਨੇ ਯਹੂਦੀ ਭਾਈਚਾਰੇ ਤੋਂ ਮੁਆਫੀ ਮੰਗੀ।