ਚੰਡੀਗੜ੍ਹ:ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਦਲਿਤ ਪੱਤਾ ਖੇਡਿਆ ਹੈ। ਪੰਜਾਬ ਦੇ ਵੱਡੇ ਜੱਟ ਸਿੱਖ ਚਿਹਰਿਆਂ (Jat Sikh Face) ਵਿੱਚੋਂ ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਚੋਣ ਕਰਨਾ ਭਾਵੇਂ ਦੂਜੀਆਂ ਸਿਆਸੀ ਧਿਰਾਂ ਦੀ ਦਲਿਤ ਰਾਜਨੀਤੀ ਨੂੰ ਟੱਕਰ ਦੇਣ ਦਾ ਇੱਕ ਵੱਡਾ ਉਪਰਾਲਾ ਹੈ ਪਰ ਇਕੱਲੇ ਦਲਿਤ ਕਾਰਡ ਨਾਲ ਪੰਜਾਬ ਵਿੱਚ ਕਾਂਗਰਸ ਸੱਤਾ ਵਿੱਚ ਵਾਪਸੀ ਕਰ ਸਕੇਗੀ, ਇਹ ਇੱਕ ਵੱਡਾ ਸੁਆਲ ਬਣ ਗਿਆ ਹੈ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ਤਰੰਜ ਦੀ ਚਾਲ ਵਾਂਗ ਲਗੇ ਹੱਥ ਇਹ ਵੀ ਬਿਆਨ ਦੇ ਦਿੱਤਾ ਕਿ ਅਗਲੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।
ਕੀ ਇਸ਼ਾਰਾ ਕਰਦੈ ਰਾਵਤ ਦਾ ਬਿਆਨ
ਰਾਵਤ (Harish Rawat) ਦੇ ਇਸ ਬਿਆਨ ਨੂੰ ਦੂਜੀਆਂ ਪਾਰਟੀਆਂ ਵੱਡੇ ਮੌਕੇ ਵਜੋਂ ਲੈਂਦਿਆਂ ਕਾਂਗਰਸ ਨੂੰ ਘੇਰ ਰਹੀਆਂ ਹਨ ਕਿ ਕੀ ਦਲਿਤ ਸਿਰਫ ਸੰਕਟ ਟਪਾਉਣ ਲਈ ਹੀ ਵਰਤੇ ਜਾ ਰਹੇ ਹਨ। ਉਂਜ ਚੰਨੀ ਹਾਈਕਮਾਂਡ ਵਿੱਚ ਪਹੁੰਚ ਰੱਖਦੇ ਹਨ ਤੇ ਮੌਕੇ ਮੁਤਾਬਕ ਨਵਜੋਤ ਸਿੱਧੂ ਨੂੰ ਇਹ ਚਿਹਰਾ ਇਸ ਲਈ ਫਿੱਟ ਬੈਠ ਰਿਹਾ ਹੈ, ਕਿਉਂਕਿ ਉਹ ਸ਼ਾਇਦ ਕਦੇ ਨਹੀਂ ਚਾਹੁਣਗੇ ਕਿ ਕਈ ਤਜਰਬੇਕਾਰ ਜੱਟ ਸਿੱਖ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ। ਦੂਜੇ ਪਾਸੇ ਚੰਨੀ ਹਾਲਾਂਕਿ ਮੁੱਖ ਮੰਤਰੀ ਲਈ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕਰਦੇ ਆ ਰਹੇ ਸੀ ਤੇ ਉਨ੍ਹਾਂ ਦੋ-ਤਿੰਨ ਵਾਰ ਦਲਿਤ ਵਿਧਾਇਕਾਂ ਦਾ ਇਕੱਠ ਵੀ ਕੀਤਾ। ਹਾਲਾਂਕਿ ਉਹ ਮੰਤਰੀ ਰਹੇ ਪਰ ਸ਼ਾਇਦ ਉਹ ਮੁੱਖ ਮੰਤਰੀ ਦੀ ਜਿੰਮੇਵਾਰੀ ਨਿਭਾਉਣ ਲਈ ਅਜੇ ਤਿਆਰ ਨਹੀਂ ਸੀ ਪਰ ਸਿਆਸੀ ਉਲਟ ਫੇਰ ਵਿੱਚ ਉਨ੍ਹਾਂ ਦਾ ਦਾਅ ਲੱਗ ਗਿਆ।
ਲਾਹੇਵੰਦ ਵੀ ਹੋ ਸਕਦੈ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ
ਪਾਰਟੀ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਲਾਹੇਵੰਦ ਵੀ ਸਾਬਤ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਰਵੀਦਾਸੀਆ ਸਮਾਜ ਦਾ ਰਾਖਵੀਆਂ ਸੀਟਾਂ ‘ਤੇ ਕਾਫੀ ਅਸਰ ਹੈ ਤੇ ਦੂਜੀਆਂ ਪਾਰਟੀਆਂ ਜਿਥੇ ਉਪ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਕਰ ਰਹੀਆਂ ਸੀ, ਉਥੇ ਕਾਂਗਰਸ ਨੇ ਦਲਿਤਾਂ ਵਿੱਚੋਂ ਮੁੱਖ ਮੰਤਰੀ ਬਣਾ ਦਿੱਤਾ। ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਹਨ। ਅਕਾਲੀ ਦਲ ਨੇ ਬਸਪਾ ਨਾਲ ਸਮਝੌਤਾ ਕਰਕੇ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ, ਉਥੇ ਭਾਜਪਾ ਦਲਿਤ ਚਿਹਰਾ ਲਿਆਉਣ ਦੀ ਗੱਲ ਕਹਿੰਦੀ ਰਹੀ ਤੇ ਆਮ ਆਦਮੀ ਪਾਰਟੀ ਵੀ ਦਲਿਤਾਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਸਿਰਫ ਦਲਿਤਾਂ ਬਾਰੇ ਗੱਲਾਂ ਕਰਨ ਦਾ ਦੋਸ਼ ਲਗਾਉਂਦਿਆਂ ਇਸ ਖਿੱਤੇ ਨੂੰ ਅਣਗੌਲ੍ਹਿਆ ਕਰਨ ਦੀ ਗੱਲ ਕਹਿੰਦੀ ਰਹੀ ਪਰ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਬਣਾ ਕੇ ਦਲਿਤ ਰਾਜਨੀਤੀ ‘ਤੇ ਇਨ੍ਹਾਂ ਪਾਰਟੀਆਂ ਦੇ ਮੂੰਹ ਫਿਲਹਾਲ ਬੰਦ ਕਰ ਦਿੱਤੇ।
ਸਾਰੇ ਖਿੱਤਿਆਂ ‘ਚ ਤਾਲਮੇਲ ਬਿਠਾਉਣਾ ਇੱਕ ਵੱਡੀ ਚੁਣੌਤੀ
ਉਂਜ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਵੀ ਦਲਿਤ ਸਮਾਜ ਵੋਟਿੰਗ ਕਰਦਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀ ਵਰਤਾਰਾ ਹੋਵੇਗਾ ਤੇ ਉਨ੍ਹਾਂ ਦੀ ਪਾਰਟੀ ਵਿੱਚ ਸੰਭਾਵੀ ਸਰਗਰਮੀ ਨਾ ਹੋਣ ਦਾ ਘਾਟਾ ਪੂਰਾ ਕਰਨ ਲਈ ਵੀ ਚੰਨੀ ਨੂੰ ਅੱਗੇ ਲਿਆਂਦਾ ਜਾਪਦਾ ਹੈ। ਇਥੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਚੰਨੀ ਨੂੰ ਅੱਗੇ ਲਿਆਉਣ ਪਿੱਛੇ ਕਾਂਗਰਸ ਵੱਲੋਂ ਦਲਿਤ ਸਮਾਜ ਨੂੰ ਤਰਜੀਹ ਦਿੱਤੀ ਗਈ ਹੈ। ਇਹ ਸੰਭਾਵੀ ਤੌਰ ‘ਤੇ ਸਿਆਸੀ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ‘ਤੇ ਚੁੱਕਿਆ ਕਦਮ ਵੀ ਜਾਪ ਰਿਹਾ ਹੈ। ਹਾਲਾਂਕਿ ਕਾਂਗਰਸ ਆਪਣੇ ਜਾਲ ਵਿੱਚ ਫਸ ਵੀ ਸਕਦੀ ਹੈ, ਉਸ ਨੂੰ ਸਾਰੇ ਖਿੱਤਿਆਂ ਵਿੱਚ ਤਾਲਮੇਲ ਬਣਾਉਣ ਅਤੇ ਸਾਰਿਆਂ ਨੂੰ ਖ਼ੁਸ਼ ਕਰਨ ਲਈ ਕਾਫੀ ਮਸ਼ੱਕਤ ਕਰਨੀ ਪਵੇਗੀ। ਜਾਤ ਅਧਾਰਤ ਸਮੀਕਰਣ ਦੀ ਗੱਲ ਕੀਤੀ ਜਾਵੇ ਤਾਂ ਰਾਜਨੀਤਕ ਲਿਹਾਜ ਨਾਲ ਸਿੱਖ, ਹਿੰਦੂ ਅਤੇ ਦਲਿਤਾਂ ਦੇ ਦੁਆਲੇ ਰਾਜਨੀਤੀ ਘੁੰਮਦੀ ਹੈ। ਸਿੱਖ ਅਕਾਲੀਆਂ ਤੇ ਕਾਂਗਰਸ ਨੂੰ ਵੋਟ ਕਰਦੇ ਹਨ ਤੇ ਸ਼ਹਿਰੀ ਇਲਾਕੇ ਵਿੱਚ ਹਿੰਦੂਆਂ ਦੀ ਵੋਟ ਭਾਜਪਾ ਖਾਤੇ ਜਾਂਦੀ ਹੈ ਪਰ ਨਿਜੀ ਪਸੰਦ ਕਾਰਨ ਉਹ ਕੈਪਟਨ ‘ਤੇ ਵੀ ਵੱਡਾ ਭਰੋਸਾ ਕਰਦੇ ਹਨ। ਦਲਿਤਾਂ ਦੀ ਵੋਟ ਵੰਡੀ ਜਾਂਦੀ ਹੈ, ਜਿਆਦਾਤਰ ਕਾਂਗਰਸ ਵਿੱਚ ਤੇ ਫੇਰ ਅਕਾਲੀ ਦਲ ਤੇ ਭਾਜਪਾ ਵੱਲ ਝੁਕਾਅ ਰਹਿੰਦਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਸ਼੍ਰੇਣੀ ਵੱਲੋਂ ਵੱਡਾ ਹੁੰਗਾਰਾ ਮਿਲਿਆ ਸੀ। ਪਾਰਟੀ ਦੇ ਜਿਆਦਾਤਰ ਵਿਧਾਇਕ ਦਲਿਤਾਂ ‘ਚੋਂ ਜਿੱਤੇ ਸੀ।
ਦਲਿਤਾਂ ਨੂੰ ਬਸਪਾ ਨੂੰ ਵੋਟਿੰਗ ਤੋਂ ਰੋਕਣ ਦੀ ਕੋਸ਼ਿਸ਼