ਨਵੀਂ ਦਿੱਲੀ: ਮੋਦੀ ਕੈਬਨਿਟ ਦੀ ਬੈਠਕ 'ਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ’ਚ 3 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵਧਾਈ ਗਈ ਨਵੀਂ ਦਰ 1 ਜੁਲਾਈ ਤੋਂ ਲਾਗੂ ਹੋਵੇਗੀ। ਇਸ ਨਾਲ ਕਰਮਚਾਰੀਆਂ ਦਾ ਭੱਤਾ ਵਧ ਕੇ 31 ਫੀਸਦੀ ਹੋ ਜਾਵੇਗਾ।
ਇਸ ਸਬੰਧ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Information and Broadcasting Minister Anurag Thakur) ਨੇ ਕਿਹਾ ਕਿ ਕੇਂਦਰ ਸਰਕਾਰ ਕਰਮਚਾਰੀਆਂ ਲਈ ਮਹਿੰਗਾਈ ਭੱਤਾ 28 ਫੀਸਦ ਤੋਂ ਵਧਾ ਕੇ 31 ਫੀਸਦ ਕੀਤਾ ਜਾਵੇਗਾ। ਇਹ 1 ਜੁਲਾਈ 2021 ਤੋਂ ਲਾਗੂ ਹੋਵੇਗਾ। ਸਰਕਾਰ ਦੇ ਇਸ ਐਲਾਨ ਨਾਲ ਪੈਨਸ਼ਨਰਾਂ ਨੂੰ ਵੀ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਇੱਕ ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਸਿੱਧਾ ਲਾਭ ਹੋਵੇਗਾ। ਇਸ ਦੇ ਲਈ ਸਰਕਾਰ ਹਰ ਸਾਲ 9,488 ਕਰੋੜ ਰੁਪਏ ਖਰਚ ਕਰੇਗੀ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਪੀਐਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪੀਐਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੀ ਨਿਗਰਾਨੀ ਤਿੰਨ ਪੱਧਰੀ ਪ੍ਰਣਾਲੀ ਵਿੱਚ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਕੈਬਨਿਟ ਸਕੱਤਰ ਕਰਨਗੇ। ਉਨ੍ਹਾਂ ਦੀ ਪ੍ਰਧਾਨਗੀ ਹੇਠ ਸਕੱਤਰਾਂ ਦਾ ਇੱਕ ਐਮਪਾਵਰ ਗਰੁਪ ਆਫ ਸੈਕੇਟ੍ਰੀਜ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ 100 ਕਰੋੜ ਵੈਕਸੀਨੇਸ਼ਨ ਦੀ ਉਪਲਬਧੀ ਭਾਰਤ ਨੇ ਪੂਰੀ ਕੀਤੀ ਹੈ। ਇਸਦੇ ਲਈ ਮੈਂ ਸਾਰੇ ਦੇਸ਼ਵਾਸੀਆਂ, ਖਾਸ ਕਰਕੇ ਫਰੰਟ ਲਾਈਨ ਵਰਕਰਾਂ ਨੂੰ ਵਧਾਈ ਦਿੰਦਾ ਹਾਂ। ਡਰ ਅਤੇ ਉਲਝਣ ਦੀ ਸਥਿਤੀ ਵੀ ਪੈਦਾ ਕੀਤੀ ਗਈ, ਪਰ ਇਸਦੇ ਬਾਵਜੂਦ, ਲੋਕ ਅੱਗੇ ਆਏ ਅਤੇ ਟੀਕਾਕਰਣ ਕਰਵਾਇਆ।
ਦੱਸ ਦਈਏ ਕਿ ਪਿਛਲੇ ਮਹੀਨੇ 28 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਇੱਕ ਬੈਠਕ ਹੋਈ ਸੀ। ਜਿਸ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੀਯੂਸ਼ ਗੋਇਲ ਨੇ ਵੱਖ -ਵੱਖ ਪ੍ਰੋਜੈਕਟਾਂ, ਨੀਤੀਆਂ ਅਤੇ ਸਰਕਾਰੀ ਘੋਸ਼ਣਾਵਾਂ ਨੂੰ ਲਾਗੂ ਕਰਨ ਦੇ ਸੰਬੰਧ ਵਿੱਚ ਇੱਕ ਪੇਸ਼ਕਾਰੀ ਦਿੱਤੀ ਸੀ।
ਇਸ ਦੌਰਾਨ, ਸਾਰੇ ਪ੍ਰੋਜੈਕਟਾਂ ਦੇ ਅਮਲ ਅਤੇ ਉਨ੍ਹਾਂ ਦੀ ਪ੍ਰਗਤੀ ਨੂੰ ਸੁਧਾਰ ਲਿਆਉਣ ਦੇ ਨਾਲ-ਨਾਲ ਇਸ ਵਿੱਚ ਤੇਜ਼ੀ ਲਿਆਉਣ ਲਈ ਵਿਚਾਰ ਵਟਾਂਦਰਾ ਕੀਤੀ ਗਈ ਸੀ।