ਨਵੀਂ ਦਿੱਲੀ: ਰੱਖੜੀ ਤੋਂ ਪਹਿਲਾਂ ਕੇਂਦਰੀ ਕੈਬਨਿਟ ਨੇ ਗਰੀਬ ਔਰਤਾਂ ਨੂੰ ਤੋਹਫ਼ਾ ਦਿੱਤਾ ਹੈ। ਮੰਤਰੀ ਮੰਡਲ ਨੇ LPG ਸਿਲੰਡਰ 'ਤੇ 200 ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸਾਰੇ ਗੈਸ ਖਪਤਕਾਰਾਂ ਨੂੰ 200 ਰੁਪਏ ਦਾ ਸਸਤਾ ਗੈਸ ਸਿਲੰਡਰ ਮਿਲੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਓਨਮ ਅਤੇ ਰਕਸ਼ਾ ਬੰਧਨ ਦੇ ਮੌਕੇ 'ਤੇ ਸਿਲੰਡਰ ਦੀ ਕੀਮਤ 200 ਰੁਪਏ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉੱਜਲਵਾ ਗੈਸ ਯੋਜਨਾ ਤਹਿਤ 75 ਲੱਖ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਦੇ ਲਈ ਉਨ੍ਹਾਂ ਨੂੰ ਇੱਕ ਰੁਪਿਆ ਵੀ ਨਹੀਂ ਦੇਣਾ ਪਵੇਗਾ। ਸਗੋਂ ਪਾਈਪ, ਸਟੋਵ ਅਤੇ ਸਿਲੰਡਰ ਮੁਫਤ ਦਿੱਤੇ ਜਾਣਗੇ।
ਦੱਸ ਦੇਈਏ ਕਿ ਉੱਜਵਲਾ ਸਕੀਮ ਤਹਿਤ ਪਹਿਲਾਂ ਹੀ 200 ਰੁਪਏ ਦੀ ਸਬਸਿਡੀ ਸੀ, ਜਦਕਿ 200 ਰੁਪਏ ਦੀ ਵਾਧੂ ਸਬਸਿਡੀ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ। ਇਸ ਤਰ੍ਹਾਂ ਹੁਣ ਉੱਜਵਲਾ ਯੋਜਨਾ ਤਹਿਤ ਆਉਣ ਵਾਲੇ ਖਪਤਕਾਰਾਂ ਨੂੰ 400 ਰੁਪਏ ਦੀ ਸਬਸਿਡੀ ਮਿਲੇਗੀ।
ਇਸ ਤੋਂ ਪਹਿਲਾਂ 1 ਅਗਸਤ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 99.75 ਰੁਪਏ ਦੀ ਕਟੌਤੀ ਕੀਤੀ ਸੀ। ਉਸ ਸਮੇਂ ਦੌਰਾਨ ਕੀਮਤ ਵਿੱਚ ਕਟੌਤੀ ਤੋਂ ਬਾਅਦ, ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1,680 ਰੁਪਏ ਹੋ ਗਈ ਸੀ। ਹਾਲਾਂਕਿ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਆਖਰੀ ਸੋਧ ਪਿਛਲੇ ਮਹੀਨੇ ਕੀਤੀ ਗਈ ਸੀ। ਹਾਲਾਂਕਿ ਵੱਖ-ਵੱਖ ਟੈਕਸ ਸਲੈਬਾਂ ਦੇ ਕਾਰਨ, ਕੀਮਤਾਂ ਵੱਖ-ਵੱਖ ਸੂਬਿਆਂ 'ਚ ਵੱਖਰੋ-ਵੱਖਰੀਆਂ ਹਨ।
ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਰੇਲੂ ਬਾਜ਼ਾਰ ਵਿੱਚ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ। 1 ਮਾਰਚ ਤੋਂ 14.2 ਕਿਲੋਗ੍ਰਾਮ ਐਲਪੀਜੀ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਸ ਦੇ ਨਾਲ ਹੀ ਹਾਲ ਹੀ 'ਚ ਰਾਜਸਥਾਨ ਸਰਕਾਰ ਨੇ 500 ਰੁਪਏ 'ਚ ਗੈਸ ਸਿਲੰਡਰ ਦੇ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਜਿੱਥੇ ਸਰਕਾਰ ਨੇ ਭੈਣਾਂ ਨੂੰ ਰੱਖੜੀ ਬੰਧਨ ਮੌਕੇ 250 ਰੁਪਏ ਤੋਹਫੇ ਵਜੋਂ ਦਿੱਤੇ ਹਨ, ਉੱਥੇ ਸਾਵਣ ਦੇ ਮਹੀਨੇ ਵਿੱਚ 450 ਰੁਪਏ ਵਿੱਚ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।