ਮੁੰਬਈ:ਮੁੰਬਈ 'ਚ ਸੋਮਵਾਰ ਦੇਰ ਰਾਤ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ 19 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕੁਰਲਾ ਦੇ ਨਾਇਕ ਮਿਉਂਸਪਲ ਸੁਸਾਇਟੀ ਵਿੱਚ ਸਥਿਤ ਇੱਕ ਰਿਹਾਇਸ਼ੀ ਇਮਾਰਤ ਦਾ ਇੱਕ 'ਵਿੰਗ' ਸੋਮਵਾਰ ਦੇਰ ਰਾਤ ਢਹਿ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਘਾਟਕੋਪਰ ਅਤੇ ਸਿਓਂ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਲਿਜਾਏ ਗਏ 30 ਸਾਲਾ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਮਲਬੇ ਹੇਠਾਂ ਦੱਬੇ ਹੋਰ ਲੋਕਾਂ ਨੂੰ ਲੱਭਣ ਲਈ ਬਚਾਅ ਅਤੇ ਖੋਜ ਕਾਰਜ ਚਲਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਮਲਬੇ ਹੇਠਾਂ 20 ਤੋਂ 22 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕਰੀਬ 12 ਫਾਇਰ ਟੈਂਡਰਾਂ ਤੋਂ ਇਲਾਵਾ ਦੋ ਬਚਾਅ ਵੈਨਾਂ ਮੌਕੇ 'ਤੇ ਤਾਇਨਾਤ ਹਨ।