ਜਲੰਧਰ:ਪੂਰਾ ਦੇਸ਼ ਜਦ ਕੱਲ੍ਹ ਰਾਤ ਨੂੰ 12 ਵਜੇ ਨਵਾਂ ਸਾਲ ਦਾ ਜਸ਼ਨ ਮਨਾ ਰਿਹਾ ਸੀ, ਉਸ ਵੇਲੇ ਸਾਡੇ ਦੇਸ਼ ਦੇ ਕੁਝ ਲੋਕ ਐਸੇ ਵੀ ਸੀ ਜੋ ਦੇਸ਼ ਦੀਆਂ ਸੀਮਾਵਾਂ ਦੇ ਦੁਸ਼ਮਣਾਂ ਤੋਂ ਰੱਖਿਆ ਲਈ ਆਪਣੇ ਘਰਾਂ ਆਪਣੇ ਪਰਿਵਾਰਾਂ ਤੋਂ ਦੂਰ ਡਿਊਟੀ ਕਰ ਰਹੇ ਸੀ।
ਰਾਤ ਦੇ 12 ਵਜੇ ਜਦ ਨਵੇਂ ਸਾਲ ਦੀ ਸ਼ੁਰੂਆਤ ਹੋਈ ਤਾਂ ਪੂਰਾ ਦੇਸ਼ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬਿਆ ਸੀ ਪਰ ਇਹ ਲੋਕ ਬਾਰਡਰ ਦੀਆਂ ਸੀਮਾਵਾਂ ਦੀ ਰਾਖੀ ਲਈ ਖੜ੍ਹੇ ਸੀ ਤਾਂ ਕਿ ਦੇਸ਼ ਦੀਆਂ ਖ਼ੁਸ਼ੀਆਂ ਵਿੱਚ ਕੋਈ ਬਾਹਰੀ ਦੁਸ਼ਮਣ ਖਲਲ ਨਾ ਪਾ ਦੇਵੇ। ਸੀਮਾ ਸੁਰੱਖਿਆ ਬਲ(Border Security Force) ਦੇ ਇਹ ਜਵਾਨ ਪੰਜਾਬ ਦੀ 553 ਕਿਲੋਮੀਟਰ ਦੀ ਸੀਮਾ ਜੋ ਜੰਮੂ ਕਸ਼ਮੀਰ ਦੇ ਅਖੀਰਲੇ ਹਿੱਸੇ ਤੋਂ ਸ਼ੁਰੂ ਹੋ ਕੇ ਰਾਜਸਥਾਨ ਤੱਕ ਜਾਂਦੀ ਹੈ ਰਾਖੀ ਕਰ ਰਹੇ ਹਨ।
ਇਸ ਵਿੱਚੋਂ ਕਰੀਬ 138 ਕਿਲੋਮੀਟਰ ਦੀ ਸੀਮਾ ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਨਾਲ ਲੱਗਦੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਇਸ ਬਾਰਡਰ ਦਾ ਕਰੀਬ 118 ਕਿਲੋਮੀਟਰ ਦਾ ਹਿੱਸਾ ਮੈਦਾਨੀ ਹੈ, ਜਿਥੇ ਕੰਡਿਆਲੀਆਂ ਤਾਰਾਂ ਨਾਲ ਬਾਰਡਰ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਇਸ ਦੇ ਨਾਲ ਬਾਕੀ ਦਾ ਇਲਾਕਾ ਰਾਵੀ ਦਰਿਆ ਦਾ ਇਲਾਕਾ ਹੈ, ਜਿਸ ਵਿੱਚ ਬੀਐਸਐਫ ਵੱਲੋਂ ਲਗਾਤਾਰ ਆਪਣੀਆਂ ਬੋਟਸ ਉਪਰ ਨਿਗਰਾਨੀ ਕੀਤੀ ਜਾਂਦੀ ਹੈ।
ਦੇਸ਼ ਦੀਆਂ ਬਹਾਦਰ ਮਹਿਲਾਵਾਂ ਦੇ ਜ਼ਿੰਮੇ ਦੇਸ਼ ਦੀ ਸੀਮਾ
ਬੀਐਸਐਫ ਦੇ ਜਵਾਨਾਂ ਦੇ ਨਾਲ ਨਾਲ ਮਹਿਲਾ ਬੀਐਸਐਫ ਕਰਮਚਾਰੀ ਜਿਨ੍ਹਾਂ ਨੂੰ ਮਹਿਲਾ ਪ੍ਰਹਿਰੀ ਕਿਹਾ ਜਾਂਦਾ ਹੈ ਵੀ ਬਾਰਡਰ ਦੀ ਰਾਖੀ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਫਿਰ ਗੱਲ ਚਾਹੇ ਦਿਨ ਦੇ ਸਮੇਂ ਪੋਸਟ 'ਤੇ ਖਲੋ ਕੇ ਡਿਊਟੀ ਕਰਨ ਦੀ ਹੋਵੇ ਜਾਂ ਸਾਰੀ ਸਾਰੀ ਰਾਤ ਹੱਥ ਵਿੱਚ ਆਪਣੀਆਂ ਰਾਈਫਲਾਂ ਲੈ ਬਾਰਡਰ 'ਤੇ ਪੈਟਰੋਲਿੰਗ ਦੀ ਹੋਵੇ।
ਬੀਐਸਐਫ ਦੀਆਂ ਇਨ੍ਹਾਂ ਮਹਿਲਾ ਸਿਪਾਹੀਆਂ ਦੀ ਪਹਿਲੀ ਨਜ਼ਰ ਹਮੇਸ਼ਾ ਬਾਰਡਰ ਵੱਲ ਰਹਿੰਦੀ ਹੈ ਅਤੇ ਕੰਨ ਹਮੇਸ਼ਾਂ ਉਸ ਆਹਟ ਵੱਲ ਕੇ ਵਿਰੋਧੀ ਦੇਸ਼ ਵੱਲੋਂ ਕੋਈ ਦੁਸ਼ਮਣ ਉਨ੍ਹਾਂ ਦੀ ਸੀਮਾ ਵੱਲ ਕੋਈ ਅਣਚਾਹੀ ਚੀਜ਼ ਨਾ ਸੁੱਟ ਦੇਵੇ।