ਕੋਲਕਾਤਾ :ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦਾ ਮੰਗਲਵਾਰ ਰਾਤ ਕੋਲਕਾਤਾ 'ਚ ਦੇਹਾਂਤ ਹੋ ਗਿਆ। ਉਹ ਕੇਕੇ ਦੇ ਨਾਂ ਨਾਲ ਮਸ਼ਹੂਰ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇ.ਕੇ 53 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ 'ਚ ਨਜ਼ਰੁਲ ਮੰਚ ਦੇ ਇਕ ਕਾਲਜ ਵਲੋਂ ਇਕ ਸਮਾਗਮ ਕਰਵਾਇਆ ਗਿਆ।
ਉੱਥੇ ਕਰੀਬ ਇੱਕ ਘੰਟੇ ਤੱਕ ਗਾਉਣ ਤੋਂ ਬਾਅਦ ਜਦੋਂ ਕੇਕੇ ਵਾਪਸ ਆਪਣੇ ਹੋਟਲ ਪਹੁੰਚੇ ਤਾਂ ਉਹ ਬਿਮਾਰ ਮਹਿਸੂਸ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗਾਇਕ ਨੂੰ ਦੱਖਣੀ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅੱਜ ਹੋਵੇਗਾ ਪੋਸਟਮਾਰਟਮ : ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਬੁੱਧਵਾਰ ਯਾਨੀ ਅੱਜ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਇਕ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।
ਕੋਲਕਾਤਾ 'ਚ ਆਖ਼ਰੀ ਸ਼ੋਅ : ਮਸ਼ਹੂਰ ਗਾਇਕ ਕੇਕੇ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਕਈ ਭਾਸ਼ਾਵਾਂ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਕੇ.ਕੇ ਦੀ ਪਤਨੀ ਅਤੇ ਬੇਟਾ ਬੁੱਧਵਾਰ ਸਵੇਰੇ ਦਿੱਲੀ ਤੋਂ ਕੋਲਕਾਤਾ ਪਹੁੰਚਣਗੇ। ਉਹ ਕੋਲਕਾਤਾ 'ਚ ਦੋ ਪ੍ਰੋਗਰਾਮਾਂ 'ਚ ਪਰਫਾਰਮ ਕਰਨ ਆਏ ਸਨ।
'ਐਸਾ ਕਿਆ ਗੁਨਾਹ ਕੀਆ, ਜੋ ਲੁੱਟ ਗਏ' :ਕੇਕੇ ਨੇ ਬਾਲੀਵੁੱਡ ਦੇ ਉਹ ਗਾਇਕ ਸਨ ਜਿਨ੍ਹਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ। ਸੁਰੀਲੀ ਆਵਾਜ਼ ਨਾਲ ਉਨ੍ਹਾਂ ਨੇ ਹਰ ਦਿਲ ਉੱਤੇ ਰਾਜ ਕੀਤਾ। ਚਾਹੇ ਸੈਡ ਗੀਤ ਹੋਣ ਜਾਂ ਰੋਮਾਂਟਿਕ ਤੋਂ ਲੈ ਕੇ ਪਾਰਟੀ ਗੀਤ, ਹਰ ਗੀਤ ਸੁਣਨ ਵਾਲੇ ਦੇ ਦਿਲ ਵਿੱਚ ਉਤਰ ਜਾਂਦਾ ਹੈ। 90 ਦਹਾਕੇ ਵਿੱਚ 'ਯਾਰੋ' ਗੀਤ ਬੁਲੰਦੀਆਂ ਨੂੰ ਛੂਹਣ ਦਾ ਪਹਿਲਾ ਕਦਮ ਬਣਿਆ। ਇਸ ਤੋਂ ਇਲਾਵਾ ਖੁਦਾ ਜਾਨੇ, ਜ਼ਿੰਦਗੀ ਦੋ ਪਲ ਕੀ, ਜ਼ਰਾ ਸਾ, ਤੂ ਹੀ ਮੇਰੀ ਸ਼ਬ ਹੈ, ਆਂਖੋ ਮੇਂ ਤੇਰੀ, ਤੂ ਜੋ ਮਿਲਾ, ਆਸ਼ਾਏ ਅਤੇ ਮੈਂ ਤੇਰਾ ਧੜਕਨ ਤੇਰੀ ਸਣੇ ਕਈ ਗੀਤ ਫੈਨਸ ਵਿਚਾਲੇ ਮਸ਼ਹੂਰ ਰਹੇ ਹਨ।
KK ਦੀ ਆਖ਼ਰੀ ਸ਼ੋਅ ਦੌਰਾਨ ਤਸਵੀਰ ਸਦਮੇ 'ਚ ਬਾਲੀਵੁੱਡ : ਕੇਕੇ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਸੰਗੀਤ ਨਾਲ ਜੁੜੀਆਂ ਹਸਤੀਆਂ ਵਲੋਂ ਡੂੰਘਾ ਦੁੱਖ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਾਵੇਦ ਅਲੀ ਨੇ ਟਵੀਟ ਕਰਦਿਆਂ ਇਸ ਖ਼ਬਰ ਨੂੰ ਬੇਹਦ ਦੁੱਖ ਦਾਈ ਦੱਸਿਆ।
ਪ੍ਰਸਿੱਧ ਗਾਇਕ ਉਦਿਤ ਨਾਰਾਇਣ ਵੀ ਕੇਕੇ ਦੇ ਸਦੀਵੀਂ ਵਿਛੋੜੇ ਤੋਂ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ, "ਇਸ ਤੋਂ ਪਹਿਲਾਂ ਲਤਾ ਦੀਦੀ ਚਲੇ ਗਈ, ਫਿਰ ਬੱਪੀ ਦਾ ਅਤੇ ਹੁਣ ਕੇਕੇ।"
ਇਸ ਤੋਂ ਕਰਨ ਜੌਹਰ, ਕੁਮਾਰ ਸਾਨੂ, ਵਰੁਣ ਗਰੋਵਰ ਅਤੇ ਬੋਮਨ ਈਰਾਨੀ ਨੇ ਵੀ ਕੇਕੇ ਦੇ ਦੇਹਾਂਤ ਉੱਤੇ ਸੋਗ ਜਤਾਇਆ। ਆਰ ਮਾਧਵਨ, ਅਕਸ਼ੈ ਕੁਮਾਰ, ਸ਼ੰਕਰ ਮਹਾਦੇਵਨ, ਅਭਿਸ਼ੇਕ ਬੱਚਨ, ਸ਼੍ਰੇਆ ਘੋਸ਼ਾਲ, ਬਾਬੁਲ ਸੁਪ੍ਰਿਓ, ਫਰਹਾਨ ਅਖ਼ਤਰ, ਜੁਬਿਨ ਨੌਟਿਆਲ, ਰਾਹੁਲ ਵੈਦ, ਪ੍ਰੀਤਮ ਅਤੇ ਵਿਸ਼ਾਲ ਦਦਲਾਨੀ ਸਣੇ ਕਈ ਮਸ਼ਹੂਰ ਹਸਤੀਆਂ ਇਸ ਖ਼ਬਰ ਤੋਂ ਦੁੱਖੀ ਹਨ ਅਤੇ ਸੋਸ਼ਲ ਮੀਡੀਆਂ ਉੱਤੇ ਪੋਸਟ ਕਰ ਦੁੱਖ ਪ੍ਰਗਟਾਵਾ ਕਰ ਰਹੇ ਹਨ।
ਇਹ ਵੀ ਪੜ੍ਹੋ :ਗਾਇਕ ਕੇਕੇ ਦਾ ਕੋਲਕਾਤਾ 'ਚ ਦੇਹਾਂਤ, PM ਮੋਦੀ ਨੇ ਜਤਾਇਆ ਸੋਗ