ਪ੍ਰਯਾਗਰਾਜ:ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਅਸ਼ਰਫ਼ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਚੱਲ ਰਿਹਾ ਹੈ। ਇਸ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਪ੍ਰਯਾਗਰਾਜ ਦੇ ਕਸਰੀ ਮਾਸਾਰੀ ਕਬਰਸਤਾਨ 'ਚ ਦਫਨਾ ਦਿੱਤਾ ਜਾਵੇਗਾ। ਦੋਵਾਂ ਦੀਆਂ ਲਾਸ਼ਾਂ ਲਈ ਕਬਰਸਤਾਨ ਵਿੱਚ ਕਬਰਾਂ ਪੁੱਟੀਆਂ ਗਈਆਂ ਹਨ। ਚਾਰੇ ਪਾਸੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਅਤੀਕ ਅਹਿਮਦ ਦਾ ਜੱਦੀ ਕਬਰਿਸਤਾਨ ਹੈ। ਇੱਥੇ ਅਤੀਕ ਅਹਿਮਦ ਦੇ ਦਾਦਾ, ਪਿਤਾ ਹਾਜੀ ਫਿਰੋਜ਼ ਅਹਿਮਦ, ਮਾਂ ਅਤੇ ਬੇਟੇ ਅਸਦ ਦੀਆਂ ਕਬਰਾਂ ਹਨ। ਹੁਣ ਅਤੀਕ ਅਹਿਮਦ ਅਤੇ ਅਸ਼ਰਫ ਦੀਆਂ ਲਾਸ਼ਾਂ ਨੂੰ ਵੀ ਇੱਥੇ ਦਫ਼ਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀਆਂ ਕਬਰਾਂ ਅੱਠ ਫੁੱਟ ਡੂੰਘੀਆਂ, ਛੇ ਫੁੱਟ ਲੰਬੀਆਂ ਅਤੇ ਚਾਰ ਫੁੱਟ ਚੌੜੀਆਂ ਹਨ। ਕਬਰਾਂ ਪੁੱਟਣ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਕਬਰਸਤਾਨ ਦੇ ਆਲੇ-ਦੁਆਲੇ RAF ਅਤੇ PAC ਸਮੇਤ ਭਾਰੀ ਸੁਰੱਖਿਆ ਬਲ ਤਾਇਨਾਤ ਹਨ। ਕਿਸੇ ਵੀ ਵਿਅਕਤੀ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬਾਅਦ ਦੁਪਹਿਰ ਇੱਕ ਵਜੇ ਦੋਵਾਂ ਲਾਸ਼ਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਦੁਪਹਿਰ ਦੋ ਵਜੇ ਕੈਲਵਿਨ ਹਸਪਤਾਲ ਵਿੱਚ ਅਤੀਕ ਅਤੇ ਅਸ਼ਰਫ ਦੀਆਂ ਲਾਸ਼ਾਂ ਦਾ ਐਕਸਰੇ ਕੀਤਾ ਗਿਆ। ਇਸ ਤੋਂ ਬਾਅਦ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ।