ਬੈਂਗਲੁਰੂ: ਸੋਮਵਾਰ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਰਨਾਟਕ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ 'ਤੇ ਕਾਲੀ ਸਿਆਹੀ ਸੁੱਟੀ ਗਈ। ਇਹ ਘਟਨਾ ਉਸ ਸਮੇਂ ਵਾਪਰੀ, ਜਿਸ ਦੌਰਾਨ ਦੋਵੇਂ ਕਿਸਾਨ ਆਗੂ ਸਟਿੰਗ ਆਪ੍ਰੇਸ਼ਨ ਦੀ ਵੀਡੀਓ 'ਤੇ ਸਪੱਸ਼ਟੀਕਰਨ ਦੇ ਰਹੇ ਸਨ। ਦਰਅਸਲ, ਕਰਨਾਟਕ ਦੇ ਇੱਕ ਕਿਸਾਨ ਨੇਤਾ ਕੋਡੀਹੱਲੀ ਚੰਦਰਸ਼ੇਖਰ ਨੂੰ ਪੈਸੇ ਮੰਗਦੇ ਫੜਿਆ ਗਿਆ ਸੀ। ਰਾਕੇਸ਼ ਅਤੇ ਯੁੱਧਵੀਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਵਿੱਚ ਸ਼ਾਮਲ ਨਹੀਂ ਹਨ ਅਤੇ ਕਿਸਾਨ ਆਗੂ ਕੋਡੀਹਾਲੀ ਚੰਦਰਸ਼ੇਖਰ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਕੁਝ ਲੋਕਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ 'ਤੇ ਕਾਲੀ ਸਿਆਹੀ ਸੁੱਟ ਦਿੱਤੀ। ਇੰਨਾ ਹੀ ਨਹੀਂ ਕੁਰਸੀਆਂ ਵੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਟਿਕੈਤ ਮੁਤਾਬਕ ਕਿਸਾਨ ਆਗੂ ਚੰਦਰਸ਼ੇਖਰ ਦੇ ਸਮਰਥਕਾਂ ਵੱਲੋਂ ਸਿਆਹੀ ਸੁੱਟੀ ਗਈ ਸੀ। ਰਾਕੇਸ਼ ਟਿਕੈਤ ਨੇ ਇਸ ਘਟਨਾ ਲਈ ਸੂਬੇ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਿਕੈਤ ਨੇ ਕਿਹਾ ਕਿ ਪੁਲਿਸ ਸੁਰੱਖਿਆ ਦੀ ਘਾਟ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ।