ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮੁੱਖ ਮੰਤਰੀਆਂ ਨਾਲ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਵਰਚੁਅਲ ਮੀਟਿੰਗ ਕੀਤੀ। ਪੀਐਮ ਨਾਲ ਮੁਲਾਕਾਤ ਵਿੱਚ ਸ਼ਾਮਲ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਸੁਰਖੀਆਂ ਵਿੱਚ ਹਨ। ਮੀਟਿੰਗ ਦੌਰਾਨ ਉਨ੍ਹਾਂ ਦੇ ਬੈਠਣ ਦੇ ਢੰਗ ਤਰੀਕੇ ਉੱਤੇ ਚਰਚਾ 'ਚ ਹੈ, ਜਿਸ ਨੂੰ ਭਾਜਪਾ ਨੇ ਕੇਜਰੀਵਾਲ ਦਾ ਰੁੱਖਾਪਣ ਕਰਾਰ ਦਿੱਤਾ ਹੈ। ਇਹ ਵੀ ਸਵਾਲ ਕੀਤਾ ਹੈ ਕਿ ਇੱਕ ਮੁੱਖ ਮੰਤਰੀ ਇੰਨੀ ਅਹਿਮ ਮੀਟਿੰਗ ਵਿੱਚ ਅਜਿਹਾ ਵਿਵਹਾਰ ਕਿਵੇਂ ਕਰ ਸਕਦਾ ਹੈ।
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਮੀਟਿੰਗ ਦੀ ਵੀਡੀਓ ਟਵੀਟ ਕਰਕੇ ਕਿਹਾ ਕਿ ਅਰਵਿੰਦ ਕੇਜਰੀਵਾਲ ਗ਼ਲਤ ਵਿਵਹਾਰ ਨਾਲ ਆਪਣੀ ਫਜ਼ੀਹਤ ਕਰਵਾਉਂਦੇ ਹਨ। ਵੀਡੀਓ 'ਚ ਅਰਵਿੰਦ ਕੇਜਰੀਵਾਲ ਸਿਰ ਦੇ ਪਿੱਛੇ ਹੱਥ ਰੱਖ ਕੇ ਆਰਾਮ ਨਾਲ ਬੈਠੇ ਨਜ਼ਰ ਆ ਰਹੇ ਹਨ। ਕੇਜਰੀਵਾਲ ਦੇ ਇਸ ਢਿੱਲੇ ਰੁਖ ਨੂੰ ਭਾਜਪਾ ਨੇ ਮੁੱਦਾ ਬਣਾ ਲਿਆ ਹੈ। ਭਾਜਪਾ ਨੇ ਟਵੀਟ ਕਰਕੇ ਇਸ ਵੀਡੀਓ ਨੂੰ 'ਦਿੱਲੀ ਦੇ ਮੈਨਨਰਲੇਸ ਸੀ.ਐਮ.' ਦੱਸ ਕੇ ਟਵੀਟ ਕੀਤਾ ਹੈ।
ਇਸ ਮੀਟਿੰਗ ਵਿਚ ਆਰਥਿਕ ਸਥਿਤੀ ਸਮੇਤ ਕੋਰੋਨਾ ਦੇ ਵਧਦੇ ਮਾਮਲਿਆਂ 'ਤੇ ਚਰਚਾ ਕਰਨ ਲਈ ਆਯੋਜਿਤ ਕੀਤੀ ਗਈ ਸੀ। ਇਹ ਮੀਟਿੰਗ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ-19 ਦੇ 2,927 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4,30,65,496 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੱਪਡੇਟ ਅੰਕੜਿਆਂ ਮੁਤਾਬਕ, ਲਾਗ ਕਾਰਨ 32 ਹੋਰ ਮੌਤਾਂ ਤੋਂ ਬਾਅਦ ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,23,654 ਹੋ ਗਈ ਹੈ।
ਦੇਸ਼ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 16,279 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 0.04 ਫੀਸਦੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਲਾਗ ਦੀ ਰੋਜ਼ਾਨਾ ਦਰ 0.58 ਫ਼ੀਸਦੀ ਅਤੇ ਹਫਤਾਵਾਰੀ ਦਰ 0.59 ਫ਼ੀਸਦੀ ਹੈ, ਜਦਕਿ ਕੋਵਿਡ -19 ਤੋਂ ਮੌਤ ਦਰ 1.22 ਪ੍ਰਤੀਸ਼ਤ ਹੈ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਟੀਕਿਆਂ ਦੀਆਂ 188.19 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ: ਜਖਾਊ ਹੈਰੋਇਨ ਮਾਮਲੇ 'ਚ ATS ਤੇ NCB ਨੇ ਦਿੱਲੀ ਤੋਂ 4 ਤੇ NDPS ਅਦਾਲਤ ਤੋਂ ਲਿਆ 9 ਮੁਲਜ਼ਮਾਂ ਦਾ ਰਿਮਾਂਡ