ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਨਗਰ ਕੌਂਸਲ (ਐਨਡੀਐਮਸੀ) ਦੇ ਕਾਨਫਰੰਸ ਰੂਮ ਵਿੱਚ ਜਾਰੀ ਹੈ। ਭਾਜਪਾ ਦੀ ਇਹ ਮੀਟਿੰਗ ਲੋਕ ਸਭਾ ਚੋਣਾਂ-2019 ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ। ਪਾਰਟੀ ਪ੍ਰਧਾਨ ਜੇਪੀ ਨੱਡਾ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਐਨਡੀਐਮਸੀ ਕਨਵੈਨਸ਼ਨ ਸੈਂਟਰ ਪਹੁੰਚ ਗਏ ਹਨ। ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਅੱਜ ਦੀ ਮੀਟਿੰਗ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਸੱਤ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਕੇਂਦਰਿਤ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਾਰੇ ਮੰਤਰੀਆਂ ਅਤੇ ਆਗੂਆਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਹਰਦੀਪ ਸਿੰਘ ਪੁਰੀ, ਡਾਕਟਰ ਐਸ ਜੈਸ਼ੰਕਰ, ਧਰਮਿੰਦਰ ਪ੍ਰਧਾਨ ਅਤੇ ਮੁਖਤਾਰ ਅੱਬਾਸ ਨਕਵੀ ਦਿੱਲੀ ਦੇ ਐਨਡੀਐਮਸੀ ਕਨਵੈਨਸ਼ਨ ਸੈਂਟਰ ਵਿੱਚ ਪਹੁੰਚ ਗਏ ਹਨ।
ਪੰਜਾਬ ਤੋਂ ਚਾਰ ਮੰਤਰੀ ਬੈਠਕ 'ਚ ਸ਼ਾਮਲ
ਭਾਜਪਾ ਦੀ ਕੌਮੀ ਕਾਰਜਕਾਰਨੀ ਮੀਟਿੰਗ 'ਚ ਪੰਜਾਬ ਭਾਜਪਾ ਦੇ ਚਾਰ ਆਗੂ ਸ਼ਾਮਲ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਦਿਨੇਸ਼ ਕੁਮਾਰ, ਹਰਜੀਤ ਗਰੇਵਾਲ ਅਤੇ ਅਵਿਨਾਸ਼ ਖੰਨਾ ਵਰਚੂਅਲ ਤਰੀਕੇ ਨਾਲ ਇਸ ਬੈਠਕ 'ਚ ਸ਼ਾਮਲ ਹਨ। ਇਸ 'ਚ ਪੰਜਾਬ ਭਾਜਪਾ ਆਗੂ 2022 ਦੀਆਂ ਅਗਾਮੀ ਵਿਧਾਨਸਭਾ ਚੋਣਾਂ ਨੂੰ ਤਿਆਰੀਆਂ ਸਬੰਧੀ ਜਾਣਕਾਰੀ ਦੇਣਗੇ।
ਪੀਐਮ ਮੋਦੀ ਦੁਪਹਿਰ 3 ਵਜੇ ਮੀਟਿੰਗ ਨੂੰ ਸੰਬੋਧਨ ਕਰਨਗੇ
ਤੁਹਾਨੂੰ ਦੱਸ ਦੇਈਏ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਮੀਟਿੰਗ ਵਾਲੀ ਥਾਂ 'ਤੇ ਪ੍ਰਦਰਸ਼ਨੀ ਲਗਾਈ ਗਈ ਹੈ, ਉੱਥੇ ਹੀ ਕੋਵਿਡ ਪ੍ਰਬੰਧਨ, ਰਿਕਾਰਡ ਟੀਕਾਕਰਨ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਵੀ ਯੋਜਨਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਨਾਲ ਬੈਠਕ ਦੀ ਸਮਾਪਤੀ ਹੋਵੇਗੀ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਸ਼ਨੀਵਾਰ ਨੂੰ ਪਾਰਟੀ ਹੈੱਡਕੁਆਰਟਰ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਇਹ ਜਾਣਕਾਰੀ ਦਿੱਤੀ।