ਨਵੀਂ ਦਿੱਲੀ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੀਡੀਓ ਜਾਰੀ ਕਰਕੇ ਦਿੱਲੀ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕਾਜਰੀਵਾਲ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੈਸ਼ਨਲ ਅਚੀਵਮੈਂਟ ਸਰਵੇ (National Achievement Survey) ਦਾ ਵੀ ਜ਼ਿਕਰ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਿੱਚ ਟਾਪ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਨੂੰ ਵਧਾਈ ਨਾ ਦੇਣ ਦੀ ਆਲੋਚਨਾ ਕੀਤੀ।
ਉਨ੍ਹਾਂ ਇਸ ਸਬੰਧੀ ਟਵੀਟ ਵੀ ਕੀਤਾ ਹੈ। ਜਿਸ ਵਿੱਚ ਬੀਜੇਪੀ ਆਗੂ ਸਿਰਸਾ ਨੇ ਕਿਹਾ ਹੈ ਕਿ ਕੇਜਰੀਵਾਲ ਜਬਰਦਸਤੀ ਪੰਜਾਬ ਦੇ ਲੋਕਾਂ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਨੂੰ ਥੋਪਣਾ ਚਾਹੁੰਦੇ ਹਨ ਪਰ ਇੱਕ ਵਾਰ ਫਿਰ ਐਨਏਐਸ ਰਿਪੋਰਟ ਵਿੱਚ ਪੰਜਾਬ ਨੇ ਦਿੱਲੀ ਤੋਂ ਕਿਧਰੇ ਬਿਹਤਰ ਨਤੀਜੇ ਦਿਖਾਏ ਹਨ। ਦੁੱਖ ਦੀ ਗੱਲ ਹੈ ਕਿ ਸੀਐੱਮ ਭਗਵੰਤ ਮਾਨ ਨੇ ਰਾਜਾ ਕੇਜਰੀਵਾਲ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਪੰਜਾਬ ਦੇ ਸਕੂਲਾਂ ਅਤੇ ਬੱਚਿਆ ਨੂੰ ਵਧਾਈ ਤੱਕ ਨਹੀਂ ਦੇ ਰਹੇ।
ਸਿਰਸਾ ਨੇ ਕਿਹਾ ਕਿ ਤਾਜ਼ਾ ਸਰਵੇ ਰਿਪੋਰਟ ਮੰਗਲਵਾਰ ਨੂੰ ਆਈ ਹੈ, ਜੋ ਹਰ ਅਖਬਾਰ ਦੀ ਖਬਰ ਵਿਚ ਵੀ ਹੈ ਅਤੇ ਸਪੱਸ਼ਟ ਹੈ ਕਿ ਪੰਜਾਬ ਨੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਪਛਾੜ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲਈ ਨਾ ਤਾਂ ਵਿਦਿਆਰਥੀਆਂ ਅਤੇ ਨਾ ਹੀ ਅਧਿਆਪਕਾਂ ਨੂੰ ਵਧਾਈ ਦਿੱਤੀ।
ਸਿਰਸਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕਰਕੇ ਝਿੜਕਿਆ ਹੈ ਅਤੇ ਕਿਹਾ ਹੈ ਕਿ ਤੁਸੀਂ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਨਹੀਂ ਦੇਵੋਗੇ ਅਤੇ ਤੁਸੀਂ ਇਸ ਖਬਰ ਨੂੰ ਜਿਨ੍ਹਾਂ ਅਖਬਾਰਾਂ ਨੇ ਛਾਪਿਆ ਹੈ ਉਸ ਨੂੰ ਤੁਸੀਂ ਨਹੀਂ ਮੰਨੋਗੇ।
ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਸਰਵੇ ਰਿਪੋਰਟ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਭਗਵੰਤ ਮਾਨ ਦੇ ਅਜਿਹੇ ਵਤੀਰੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਹਰ ਕੋਈ ਦੇਖ ਰਿਹਾ ਹੈ ਕਿ ਭਗਵੰਤ ਮਾਨ ਕੇਜਰੀਵਾਲ ਦੇ ਦਬਾਅ ਹੇਠ ਕਿਵੇਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਕਿਹਾ ਕਿ 2013 ਵਿੱਚ ਜਿੱਥੇ ਦਸਵੀਂ ਜਮਾਤ ਦੇ ਕਰੀਬ 99 ਫ਼ੀਸਦੀ ਬੱਚੇ ਪਾਸ ਹੋਏ ਸਨ, ਉੱਥੇ ਹੀ 2021-22 ਵਿੱਚ ਇਹ ਅੰਕੜਾ ਕਾਫ਼ੀ ਹੇਠਾਂ ਆਇਆ ਹੈ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਫੇਲ੍ਹ ਹੋਏ ਸਿੱਖਿਆ ਮਾਡਲ ਨੂੰ ਪੰਜਾਬ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ। ਇਹ ਸ਼ਰਮ ਵਾਲੀ ਗੱਲ ਹੈ ਅਤੇ ਹੁਣ ਕੇਜਰੀਵਾਲ ਦੀ ਦਿੱਲੀ ਦੀ ਧੋਖਾਧੜੀ ਦਾ ਮਾਡਲ ਸਾਹਮਣੇ ਆ ਗਿਆ ਹੈ।
ਇਹ ਵੀ ਪੜੋ:ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਈਡੀ ਦਾ ਛਾਪਾ, ਇਹ ਹੈ ਮਾਮਲਾ