ਜਲੰਧਰ: ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਨੂੰ 2024 ਵਿੱਚ ਦਸ ਸਾਲ ਪੂਰੇ ਹੋ ਜਾਣਗੇ, ਜਿਸ ਤੋਂ ਬਾਅਦ 2024 ਵਿੱਚ ਦੇਸ਼ ਵਿੱਚ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਹੋਣਗੀਆਂ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਭਾਜਪਾ ਵੱਲੋਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ।
ਖ਼ਾਸਕਰ ਗੱਲ ਕਰੀਏ ਪੰਜਾਬ ਦੀ ਜਿਥੇ ਭਾਰਤੀ ਜਨਤਾ ਪਾਰਟੀ ਦੀ ਗਿਣਤੀ ਲੋਕ ਸਭਾ ਵਿਚ ਨਾਂਹ ਦੇ ਬਰਾਬਰ ਹੈ, ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਨੇ ਜਿਨ੍ਹਾਂ ਵਿਚ ਹੁਣ ਤੱਕ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਇਨ੍ਹਾਂ ਤੇਰਾਂ ਸੀਟਾਂ ਵਿੱਚੋਂ ਸਿਰਫ਼ ਤਿੰਨ ਸੀਟਾਂ 'ਤੇ ਚੋਣ ਲੜਦੀ ਰਹੀ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ ਸ਼ਾਮਿਲ ਸੀ। ਪਰ ਇਸ ਵਾਰ ਭਾਜਪਾ ਇਨ੍ਹਾਂ 13 ਦੀਆਂ 13 ਸੀਟਾਂ 'ਤੇ ਖੁਦ ਚੋਣਾਂ ਲੜੇਗੀ। ਉਥੇ ਭਾਜਪਾ ਲੀਡਰਸ਼ਿਪ ਨੇ ਇਹ ਗੱਲ ਵੀ ਸਾਫ਼ ਕੀਤੀ ਹੈ ਕਿ ਇਨ੍ਹਾਂ ਚੋਣਾਂ ਵਿੱਚ ਜੇ ਕੋਈ ਪਾਰਟੀ ਉਨ੍ਹਾਂ ਨਾਲ ਗਠਬੰਧਨ ਕਰਨਾ ਚਾਹੁੰਦੀ ਹੈ ਤਾਂ ਉਸ ਬਾਰੇ ਵੀ ਸੋਚਿਆ ਜਾ ਸਕਦਾ ਹੈ।
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਥਿਤੀ:ਭਾਰਤੀ ਜਨਤਾ ਪਾਰਟੀ ਹੁਣ ਤੱਕ ਪੰਜਾਬ ਵਿੱਚ ਅਕਾਲੀ ਦਲ ਨਾਲ ਰਲ ਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਦੀ ਰਹੀ ਹੈ,ਪਰ ਕਿਸਾਨੀ ਅੰਦੋਲਨ ਦੇ ਦੌਰਾਨ ਅਕਾਲੀ ਦਲ ਵੱਲੋਂ ਇਹ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਦਿੱਤਾ ਗਿਆ ਕਿ ਉਹ ਕਿਸਾਨਾਂ ਦੇ ਮੁੱਦੇ 'ਤੇ ਕਿਸਾਨਾਂ ਦੇ ਨਾਲ ਨੇ, ਇਸ ਦਾ ਸਿੱਧਾ ਨੁਕਸਾਨ ਭਾਰਤੀ ਜਨਤਾ ਪਾਰਟੀ ਨੂੰ ਹੋਇਆ। ਭਾਜਪਾ ਨੇ ਇਸ ਦੌਰਾਨ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਰਲ ਕੇ ਵਿਧਾਨ ਸਭਾ ਚੋਣਾਂ ਤੇ ਲੜੀਆਂ ਪਰ ਉਸ ਦਾ ਨਤੀਜਾ ਬੇਹੱਦ ਖ਼ਰਾਬ ਨਿਕਲਿਆ। ਹਾਲਤ ਇਹ ਸੀ ਕਿ ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ ਨੂੰ ਮਹਿਜ਼ ਦੋ ਸੀਟਾਂ ਨਾਲ ਹੀ ਸੰਤੋਸ਼ ਕਰਨਾ ਪਿਆ ਸੀ ਜਿਨ੍ਹਾਂ ਵਿੱਚ ਪਠਾਨਕੋਟ ਅਤੇ ਮੁਕੇਰੀਆਂ ਸ਼ਾਮਲ ਹੈ।
ਸੰਗਰੂਰ ਦੀਆਂ ਚੋਣਾਂ ਵਿੱਚ ਭਾਜਪਾ ਦੀ ਬੁਰੀ ਤਰ੍ਹਾਂ ਹਾਰ: ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਵੀ ਭਾਜਪਾ ਦੇ ਉਮੀਦਵਾਰ ਕੰਵਲ ਢਿੱਲੋਂ ਦੀ ਬੁਰੀ ਤਰ੍ਹਾਂ ਹਾਰ ਹੋਈ, ਜ਼ਿਕਰਯੋਗ ਹੈ ਕਿ ਇਹ ਚੋਣਾਂ ਪੰਜਾਬ ਵਿੱਚ ਬਹੁਤ ਹੀ ਮਹੱਤਵਪੂਰਨ ਚੋਣਾਂ ਮੰਨੀਆਂ ਗਈਆਂ ਸੀ ਕਿਉਂਕਿ ਖ਼ੁਦ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਲਗਾਈ ਗਈ ਸੀ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਚੋਣਾਂ ਲਈ ਆਪਣੀ ਪੰਜਾਬ ਦੀ ਪੂਰੀ ਲੀਡਰਸ਼ਿਪ ਨੂੰ ਉਥੇ ਰੱਖਿਆ ਸੀ ਅਤੇ ਚੋਣਾਂ ਦੇ ਐਲਾਨ ਤੋਂ ਬਾਅਦ ਤੋਂ ਲੈ ਕੇ ਵੋਟਾਂ ਪੈਣ ਤੱਕ ਪੰਜਾਬ ਦਾ ਤਕਰੀਬਨ ਹਰ ਭਾਰਤੀ ਜਨਤਾ ਪਾਰਟੀ ਦਾ ਨੇਤਾ ਸੰਗਰੂਰ ਵਿੱਚ ਹੀ ਦਿਖਾਈ ਦਿੱਤਾ ਸੀ।
ਹੁਣ 2024 ਲੋਕ ਸਭਾ ਚੋਣਾਂ ਨੂੰ ਸੌਖੇ ਵਿਚ ਨਹੀਂ ਲੈਣਾ ਚਾਹੁੰਦੀ ਭਾਰਤੀ ਜਨਤਾ ਪਾਰਟੀ: ਹੁਣ 2024 ਵਿਚ ਦੇਸ਼ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ, ਇਸ ਲਈ ਭਾਰਤੀ ਜਨਤਾ ਪਾਰਟੀ ਨੇ ਇੱਕ ਯੋਜਨਾ ਜਿਸ ਦਾ ਨਾਮ " ਲੋਕ ਸਭਾ ਪਰਵਾਸ ਯੋਜਨਾ ਹੈ " ਸ਼ੁਰੂ ਕੀਤੀ ਹੈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਦਾ ਪੰਜਾਬ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ।