ਚੰਡੀਗੜ੍ਹ: ਕਾਂਗਰਸ ਨੇ ਪੁਲਿਸ ਨੂੰ ਕਥਿਤ ਤੌਰ 'ਤੇ ਬਿਨ੍ਹਾਂ ਕਿਸੇ ਵਰੰਟ ਦੇ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਨ ਦੇ ਬਿੱਲ ਨੂੰ ਲੈ ਕੇ ਬਿਹਾਰ ਵਿਧਾਨਸਭਾ 'ਚ ਹੋਏ ਹੰਗਾਮੇ ਨੂੰ ਲੈਕੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਆਰਐਸਐਸ-ਭਾਜਪਾਈ ਬਣ ਚੁੱਕੇ ਹਨ।
ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਦਾਅਵਾ ਕੀਤਾ ਕਿ ਲੋਕਤੰਤਰ ਦਾ ਘਾਣ ਕਰਨ ਵਾਲਿਆਂ ਨੂੰ ਸਰਕਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ।
ਉਨ੍ਹਾਂ ਟਵੀਟ ਕੀਤਾ, ਬਿਹਾਰ ਵਿਧਾਨ ਸਭਾ ਦੀ ਸ਼ਰਮਨਾਕ ਘਟਨਾ ਤੋਂ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਆਰਐਸਐਸ-ਭਾਜਪਾਈ ਹੋ ਚੁੱਕੇ ਹਨ। ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਲੋਕਤੰਤਰ ਦੀ ਘਾਣ ਕਰਨ ਵਾਲਿਆਂ ਨੂੰ ਸਰਕਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਵਿਰੋਧੀ ਧਿਰ ਹਾਲੇ ਵੀ ਲੋਕ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ- ਅਸੀਂ ਡਰਦੇ ਨਹੀਂ ਹਾਂ!
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਬਿਹਾਰ ਦੀ ਜੇਡੀਯੂ-ਭਾਜਪਾ ਸਰਕਾਰ ਨੇ ਵਿਧਾਨ ਸਭਾ ਵਿੱਚ ਜੋ ਕੀਤਾ ਉਹ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ। ਵਿਧਾਨ ਸਭਾ ਦੇ ਅੰਦਰ ਵਿਧਾਇਕਾਂ ਨੂੰ ਪੁਲਿਸ ਵਲੋਂ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ ਗਿਆ। ਵਿਧਾਇਕਾਂ 'ਤੇ ਪੱਥਰਬਾਜ਼ੀ ਕੀਤੀ ਗਈ। ਮਹਿਲਾ ਵਿਧਾਇਕਾਂ ਨੂੰ ਅਪਮਾਨਿਤ ਕੀਤਾ ਗਿਆ।
ਉਨ੍ਹਾਂ ਕਿਹਾ, ਲੋਕਤੰਤਰ ਦਾ ਕਤਲ ਕੀਤਾ ਗਿਆ ਹੈ। ਜੇ ਦੇਸ਼ ਵਾਸੀ ਨਾ ਜਾਗਣ ਤਾਂ ਲੋਕਤੰਤਰ ਕਾਇਮ ਨਹੀਂ ਰਹੇਗਾ। ਗੁੰਡਾਗਰਦੀ ਅਤੇ ਲੋਕਤੰਤਰ ਦੀ ਹੱਤਿਆ ਜੇਡੀਯੂ-ਭਾਜਪਾ ਦੀ ਚਾਲ, ਚਰਿੱਤਰ ਅਤੇ ਚਿਹਰਾ ਬਣ ਗਈ ਹੈ।
ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਜੇ ਚੁਣੇ ਹੋਏ ਨੁਮਾਇੰਦਿਆਂ ਦਾ ਇਸ ਤਰ੍ਹਾਂ ਅਪਮਾਨ ਕੀਤਾ ਜਾਂਦਾ ਹੈ ਤਾਂ ਦੇਸ਼ ਦਾ ਸੰਵਿਧਾਨ ਕਾਇਮ ਨਹੀਂ ਰਹੇਗਾ। ਹਰ ਇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਤਾਨਾਸ਼ਾਹੀ ਅਤੇ ਗੁੰਡਾਗਰਦੀ ਵਿਰੁੱਧ ਅਵਾਜ਼ ਬੁਲੰਦ ਕਰੇ।
ਮਹੱਤਵਪੂਰਣ ਗੱਲ ਇਹ ਹੈ ਕਿ ਪੁਲਿਸ ਨੂੰ ਕਥਿਤ ਤੌਰ 'ਤੇ ਬਿਨ੍ਹਾਂ ਕਿਸੇ ਵਰੰਟ ਦੇ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਨ ਦੇ ਬਿੱਲ ਨੂੰ ਲੈ ਕੇ ਨਿਤੀਸ਼ ਕੁਮਾਰ ਸਰਕਾਰ ਦੇ ਬਿਹਾਰ ਵਿਧਾਨਸਭਾ 'ਚ ਪੇਸ਼ ਕਰਨ ਤੋਂ ਬਾਅਦ ਮੰਗਲਵਾਰ ਨੂੰ ਸਦਨ 'ਚ ਬੇਮਿਸਾਲ ਸਥਿਤੀ ਦੇਖਣ ਨੂੰ ਮਿਲੀ। ਵਿਧਾਨ ਸਭਾ ਦੇ ਸਪੀਕਰ ਦੇ ਕਮਰੇ ਦਾ ਘਿਰਾਓ ਕਰਨ ਵਾਲੇ ਵਿਰੋਧੀ ਵਿਧਾਇਕਾਂ ਨੂੰ ਹਟਾਉਣ ਲਈ ਪੁਲਿਸ ਨੂੰ ਸਦਨ 'ਚ ਬੁਲਾਇਆ ਗਿਆ।
ਵਿਰੋਧੀ ਰਾਸ਼ਟਰੀ ਜਨਤਾ ਦਲ (ਆਰਜੇਡੀ), ਕਾਂਗਰਸ ਅਤੇ ਵਾਮ ਦਲ ਦੇ ਮਹਾਂਗਠਜੋੜ ਦੇ ਮੈਂਬਰ ਬਿਹਾਰ ਸਪੈਸ਼ਲ ਆਰਮਡ ਪੁਲਿਸ ਬਿਲ, 2021 ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਇਸ ਨੂੰ ਲੈ ਕੇ ਵਿਧਾਨਸਭਾ 'ਚ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਦਿਨ 'ਚ ਪੰਜ ਵਾਰ ਮੁਲਤਵੀ ਕਰਨੀ ਪਈ।
ਇਹ ਵੀ ਪੜ੍ਹੋ:ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਪਾਣੀਪਤ ਤੋਂ ਕੀਤਾ ਕਾਬੂ