ਨਵੀਂ ਦਿੱਲੀ: ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੱਖਣੀ ਭਾਰਤ ਵਿੱਚ ਆਪਣਾ ਜਨ ਆਧਾਰ ਗੁਆਉਣ ਦੇ ਬਾਵਜੂਦ ਕਰਨਾਟਕ ਭਾਜਪਾ ਇਕਾਈ ਅਜੇ ਵੀ ਵੰਡੀ ਹੋਈ ਹੈ। ਪਾਰਟੀ ਲੀਡਰਸ਼ਿਪ ਕਾਡਰ ਵਿੱਚ ਏਕਤਾ ਅਤੇ ਇਕੱਠੇ ਹੋ ਕੇ ਲੜਨ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ ਸੰਘਰਸ਼ ਕਰ ਰਹੀ ਹੈ। ਭਾਜਦਪਾ ਜਿਸ ਨੇ ਕਦੇ ਇੱਕ ਮਜ਼ਬੂਤ ਤਾਕਤ ਵਜੋਂ ਉੱਭਰ ਕੇ ਦੱਖਣੀ ਭਾਰਤ ਵਿੱਚ ਪੈਰ ਜਮਾਉਣ ਦੇ ਸਾਰੇ ਸੰਕੇਤ ਦਿਖਾਏ ਸਨ, ਉਹ ਬੁਰੀ ਤਰ੍ਹਾਂ ਪਿੱਛੇ ਹੋ ਰਹੀ ਹੈ। ਇਹ ਬੋਲ ਹਨ ਸਾਬਕਾ ਮੁੱਖ ਮੰਤਰੀ ਅਤੇ ਬੰਗਲੌਰ ਉੱਤਰੀ ਤੋਂ ਭਾਜਪਾ ਸੰਸਦ ਮੈਂਬਰ ਡੀਵੀ ਸਦਾਨੰਦ ਗੌੜਾ ਅਤੇ ਰਾਸ਼ਟਰੀ ਜਨਰਲ ਸਕੱਤਰ ਸੀਟੀ ਰਵੀ ਦੇ।
ਭਾਜਪਾ ਵਿੱਚ ਚੱਲ ਰਹੀ ਅਡਜਸਟਮੈਂਟ ਦੀ ਰਾਜਨੀਤੀ :ਕਰਨਾਟਕ ਚੋਣਾਂ ਦੇ ਨਤੀਜੇ ਐਲਾਨੇ ਨੂੰ ਕਰੀਬ ਇੱਕ ਮਹੀਨਾ ਹੋ ਗਿਆ ਹੈ, ਪਰ ਭਾਜਪਾ ਨੇ ਵਿਧਾਨ ਸਭਾ ਅਤੇ ਕੌਂਸਲ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਨਿਯੁਕਤੀ ਨਹੀਂ ਕੀਤੀ ਹੈ। ਸਾਬਕਾ ਮੁੱਖ ਮੰਤਰੀ ਅਤੇ ਬੰਗਲੌਰ ਉੱਤਰੀ ਤੋਂ ਭਾਜਪਾ ਸੰਸਦ ਮੈਂਬਰ ਡੀਵੀ ਸਦਾਨੰਦ ਗੌੜਾ ਅਤੇ ਰਾਸ਼ਟਰੀ ਜਨਰਲ ਸਕੱਤਰ ਸੀਟੀ ਰਵੀ ਦੇ ਬਿਆਨ ਪਾਰਟੀ ਲਈ ਇੱਕ ਹੋਰ ਝਟਕਾ ਸਾਬਤ ਹੋਏ ਹਨ। ਸੀਟੀ ਰਵੀ ਨੇ ਕਿਹਾ ਕਿ ਭਾਜਪਾ ਅੰਦਰ ਅਡਜਸਟਮੈਂਟ ਦੀ ਰਾਜਨੀਤੀ ਚੱਲ ਰਹੀ ਹੈ ਅਤੇ ਇਸੇ ਕਾਰਨ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਗਲਤੀਆਂ ਕਾਰਨ ਸੱਤਾ ਗੁਆ ਚੁੱਕੇ ਹਾਂ। ਆਗੂਆਂ ਨੇ ਸਮਝੌਤਾ ਕਰ ਲਿਆ ਹੈ ਅਤੇ ਇਨ੍ਹਾਂ ਥੋੜ੍ਹੇ ਜਿਹੇ ਲੋਕਾਂ ਕਾਰਨ ਪਾਰਟੀ ਸੱਤਾ ਤੋਂ ਹੱਥ ਧੋ ਬੈਠੀ ਹੈ। ਮੈਂ ਆਗੂਆਂ ਦਾ ਨਾਂ ਨਹੀਂ ਲਵਾਂਗਾ, ਪਰ ਰਜ਼ਾਮੰਦੀ ਦੀ ਰਾਜਨੀਤੀ ਹੈ ਅਤੇ ਇਸ ਦਾ ਨਤੀਜਾ ਪਾਰਟੀ ਦੀ ਹਾਰ ਹੈ।
ਡੀਵੀ ਸਦਾਨੰਦ ਗੌੜਾ ਦੇ ਬਿਆਨਾਂ ਨੇ ਪਾਰਟੀ ਵਰਕਰਾਂ ਨੂੰ ਕੀਤਾ ਨਿਰਾਸ਼ :ਪਾਰਟੀ ਸੂਤਰਾਂ ਨੇ ਕਿਹਾ ਕਿ ਸੀਟੀ ਰਵੀ ਦੀਆਂ ਟਿੱਪਣੀਆਂ ਦਾ ਉਦੇਸ਼ ਸਾਬਕਾ ਸੀਐਮ ਬੀਐਸ ਯੇਦੀਯੁਰੱਪਾ ਅਤੇ ਉਨ੍ਹਾਂ ਦੇ ਪੁੱਤਰ ਬੀਵਾਈ ਵਿਜੇੇਂਦਰ 'ਤੇ ਸੀ। ਸਾਬਕਾ ਮੁੱਖ ਮੰਤਰੀ ਡੀਵੀ ਸਦਾਨੰਦ ਗੌੜਾ ਦੇ ਬਿਆਨਾਂ ਨੇ ਪਾਰਟੀ ਵਰਕਰਾਂ ਨੂੰ ਹੋਰ ਨਿਰਾਸ਼ ਕੀਤਾ ਅਤੇ ਦਿਖਾਇਆ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ 13 ਸੰਸਦ ਮੈਂਬਰਾਂ ਨੇ ਮਾਣਹਾਨੀ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਹੈ ਅਤੇ ਪਾਰਟੀ ਹਾਈਕਮਾਂਡ ਇਸ ਮਾਮਲੇ 'ਤੇ ਚੁੱਪ ਹੈ। ਸਦਾਨੰਦ ਗੌੜਾ ਨੇ ਕਿਹਾ ਕਿ 25 ਵਿੱਚੋਂ 13 ਸੰਸਦ ਮੈਂਬਰਾਂ ਨੂੰ ਬੇਕਾਰ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਨੀਅਰ ਸੰਸਦ ਮੈਂਬਰਾਂ ਦਾ ਮਨੋਬਲ ਡੇਗਣ ਦੀ ਸੋਚੀ ਸਮਝੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੌਮੀ ਆਗੂਆਂ ਨੂੰ ਇਸ ਪੜਾਅ ’ਤੇ ਦਖ਼ਲ ਦੇ ਕੇ ਭੰਬਲਭੂਸਾ ਦੂਰ ਕਰਨਾ ਚਾਹੀਦਾ ਹੈ।