ਨਵੀਂ ਦਿੱਲੀ : ਗੁਜਰਾਤ ਹਾਈ ਕੋਰਟ ਨੇ 'ਮੋਦੀ ਸਰਨੇਮ' ਮਾਣਹਾਨੀ ਮਾਮਲੇ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ 'ਤੇ ਭਾਜਪਾ ਸੰਸਦ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਾਂਗਰਸ ਨੂੰ ਸਵਾਲ ਪੁੱਛਿਆ ਹੈ। ਇਹ ਵੀ ਕਿਹਾ ਕਿ ਤੁਸੀਂ (ਕਾਂਗਰਸ) ਰਾਹੁਲ ਗਾਂਧੀ ਨੂੰ ਕਿਉਂ ਨਹੀਂ ਕਾਬੂ ਕਰ ਸਕਦੇ? ਤੁਸੀਂ ਉਨ੍ਹਾਂ ਨੂੰ ਸਹੀ ਢੰਗ ਨਾਲ ਬੋਲਣ ਦੀ ਸਿਖਲਾਈ ਕਿਉਂ ਨਹੀਂ ਦੇ ਸਕਦੇ? ਉਹ ਤੁਹਾਡਾ ਆਗੂ ਹੈ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਨੇ ਮੁਆਫੀ ਮੰਗੀ ਹੁੰਦੀ ਤਾਂ ਅੱਜ ਇਹ ਮਾਮਲਾ ਇੱਥੇ ਹੀ ਖਤਮ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਮਸ਼ਹੂਰ ਆਗੂਆਂ ਅਤੇ ਸੰਸਥਾਵਾਂ ਨੂੰ ਗਾਲ੍ਹਾਂ ਕੱਢਣੀਆਂ ਅਤੇ ਬਦਨਾਮ ਕਰਨਾ ਰਾਹੁਲ ਗਾਂਧੀ ਦੀ ਪੁਰਾਣੀ ਆਦਤ ਬਣ ਗਈ ਹੈ।
ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦਾ ਕੋਈ ਪਹਿਲਾ ਮਾਮਲਾ ਨਹੀਂ :ਦੂਜੇ ਪਾਸੇ ਦਿੱਲੀ ਭਾਜਪਾ ਦੇ ਸੂਬਾ ਬੁਲਾਰੇ ਹਰੀਸ਼ ਖੁਰਾਣਾ ਨੇ ਕਾਂਗਰਸੀ ਆਗੂਆਂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਹੁਣ ਉਹ ਘਟੀਆ ਰਾਜਨੀਤੀ ਕਰਨਗੇ। ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦੇ ਖਿਲਾਫ ਪਹਿਲਾਂ ਹੀ 10 ਮਾਮਲੇ ਪੈਂਡਿੰਗ ਹਨ। ਮਾਣਹਾਨੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਜਾ ਚੁੱਕੀ ਹੈ। ਅਜਿਹੇ 'ਚ ਹੁਣ ਰਾਹੁਲ ਗਾਂਧੀ ਚੋਣ ਨਹੀਂ ਲੜ ਸਕਣਗੇ।