ਬਕਸਰ:ਬਿਹਾਰ ਦੇ ਬਕਸਰ 'ਚ ਰਘੁਨਾਥਪੁਰ ਸਟੇਸ਼ਨ ਨੇੜੇ ਦਿੱਲੀ ਦੇ ਆਨੰਦ ਵਿਹਾਰ ਤੋਂ ਕਾਮਾਖਿਆ ਜਾ ਰਹੀ ਉੱਤਰ-ਪੂਰਬ ਐਕਸਪ੍ਰੈੱਸ ਦੇ ਹਾਦਸੇ ਤੋਂ ਬਾਅਦ ਬਚਾਅ ਕਾਰਜ ਲਗਾਤਾਰ ਜਾਰੀ ਹੈ। ਫਿਲਹਾਲ ਇਸ ਲਾਈਨ 'ਤੇ ਰੇਲ ਗੱਡੀਆਂ ਚੱਲਣ ਦੇ ਯੋਗ ਨਹੀਂ ਹਨ। ਦਿੱਲੀ-ਹਾਵੜਾ ਰੇਲ ਮਾਰਗ 33 ਘੰਟਿਆਂ ਤੋਂ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਹਾਲਾਂਕਿ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ ਅਤੇ ਕਰੀਬ 30 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲ ਹਾਦਸੇ ਦੀ ਜਾਂਚ ਲਈ ਰੇਲਵੇ ਸੁਰੱਖਿਆ ਅਧਿਕਾਰੀ ਬਕਸਰ 'ਚ ਮੌਜੂਦ ਹਨ ਅਤੇ ਹਾਦਸੇ ਨਾਲ ਜੁੜੀ ਜਾਣਕਾਰੀ ਇਕੱਠੀ ਕਰ ਰਹੇ ਹਨ। ਕਿਉਂਕਿ ਇਹ ਮਾਮਲਾ ਰੇਲਵੇ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਇਸ ਲਈ ਰੇਲਵੇ ਦੇ ਜ਼ਿਆਦਾਤਰ ਸੁਰੱਖਿਆ ਅਧਿਕਾਰੀ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰਨ ਲਈ ਪਹੁੰਚ ਗਏ ਹਨ।
ਦੱਸ ਦਈਏ ਕਿ ਇਸ ਹਾਦਸੇ 'ਚ ਉੱਤਰ-ਪੂਰਬ ਐਕਸਪ੍ਰੈੱਸ ਟਰੇਨ ਦੀਆਂ ਸਾਰੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ 'ਚ ਤਿੰਨ ਬੋਗੀਆਂ ਪੂਰੀ ਤਰ੍ਹਾਂ ਪਲਟ ਗਈਆਂ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 78 ਲੋਕ ਹੁਣ ਤੱਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਇਨ੍ਹਾਂ ਸਾਰਿਆਂ ਦਾ ਬਕਸਰ, ਭੋਜਪੁਰ ਅਤੇ ਪਟਨਾ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਰਾਜਧਾਨੀ ਪਟਨਾ ਦੇ ਏਮਜ਼ 'ਚ 12 ਮਰੀਜ਼ ਦਾਖਲ ਹਨ, ਜਿਨ੍ਹਾਂ 'ਚ ਸਾਰੇ ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਾਰਿਆਂ ਦਾ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕੀਤਾ ਜਾ ਰਿਹਾ ਹੈ।
ਇਸ ਭਿਆਨਕ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਊਸ਼ਾ ਭੰਡਾਰੀ ਅਤੇ ਅੱਠ ਸਾਲ ਦੀ ਬੇਟੀ ਅੰਮ੍ਰਿਤਾ ਕੁਮਾਰੀ ਵਜੋਂ ਹੋਈ ਹੈ, ਜੋ ਕਿ ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਸਾਦੀਅਨ ਪਿੰਡ ਦੀਆਂ ਰਹਿਣ ਵਾਲੀਆਂ ਸਨ। ਮਾਂ, ਧੀ, ਪਤੀ ਅਤੇ ਇੱਕ ਹੋਰ ਲੜਕੀ ਦਿੱਲੀ ਤੋਂ ਅਸਾਮ ਜਾ ਰਹੇ ਸਨ। ਤੀਜੇ ਮ੍ਰਿਤਕ ਦੀ ਪਛਾਣ ਬਿਹਾਰ ਦੇ ਕਿਸ਼ਨਗੰਜ ਦੇ ਸਪਤੇਯਾ ਵਿਸ਼ਨੂੰਪੁਰ ਦੇ 27 ਸਾਲਾ ਜੈਦ ਵਜੋਂ ਹੋਈ ਹੈ।ਉਹ ਦਿੱਲੀ ਤੋਂ ਕਿਸ਼ਨਗੰਜ ਜਾ ਰਿਹਾ ਸੀ। ਚੌਥੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕਾਂ ਤੋਂ ਇਲਾਵਾ 78 ਲੋਕ ਜ਼ਖਮੀ ਹਨ।