ਭੋਜਪੁਰ/ਬਿਹਾਰ: ਭੋਜਪੁਰ ਵਿੱਚ ਇੱਕ ਖ਼ੌਫ਼ਨਾਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੰਗਲਵਾਰ ਨੂੰ ਤਰਾਰੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਉਸ ਦੇ ਸਹੁਰੇ ਘਰ ਦੇ ਵਿਹੜੇ 'ਚੋਂ ਬਰਾਮਦ ਕੀਤੀ। ਪੁਲਿਸ ਅਨੁਸਾਰ ਕਤਲ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਵਿਹੜੇ ਵਿੱਚ ਹੀ ਦੱਬ ਦਿੱਤਾ ਗਿਆ। ਸਬੂਤਾਂ ਨੂੰ ਛੁਪਾਉਣ ਲਈ ਲਾਸ਼ ਨੂੰ ਦਫ਼ਨਾਉਣ ਵਾਲੀ ਥਾਂ 'ਤੇ ਫੁੱਲਾਂ ਦੇ ਪੌਦੇ ਲਗਾਏ ਗਏ ਸਨ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਸਕੇ। ਮੰਗਲਵਾਰ ਨੂੰ ਜਦੋਂ ਜਾਂਚ ਦੌਰਾਨ ਲਾਸ਼ ਬਰਾਮਦ ਹੋਈ, ਤਾਂ ਮ੍ਰਿਤਕ ਦੀ ਪਤਨੀ ਨੇ ਸਾਰੇ ਰਾਜ਼ ਖੋਲ੍ਹੇ।
ਪਤਨੀ ਨੇ ਖੋਲ੍ਹੇ ਕਈ ਰਾਜ:ਦੱਸਿਆ ਜਾ ਰਿਹਾ ਹੈ ਕਿ 24 ਸਾਲਾ ਨੌਜਵਾਨ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਜਦੋਂ ਉਹ ਕਈ ਦਿਨਾਂ ਬਾਅਦ ਵੀ ਘਰ ਨਹੀਂ ਪਰਤਿਆ, ਤਾਂ ਪਿਤਾ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਜਾਂਚ ਕੀਤੀ, ਤਾਂ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ। ਨੌਜਵਾਨ ਦੀ ਪਤਨੀ ਨੇ ਜੋ ਕਿਹਾ, ਉਸ ਨੇ ਸਭ ਦੇ ਹੋਸ਼ ਉਡਾ ਦਿੱਤੇ।
ਮੰਗਲਵਾਰ ਨੂੰ ਨੌਜਵਾਨ ਦੀ ਲਾਸ਼ ਉਸ ਦੇ ਸਹੁਰੇ ਘਰ ਤੋਂ ਬਰਾਮਦ ਹੋਈ। ਨੌਜਵਾਨ ਦੇ ਸਰੀਰ ਅਤੇ ਗਰਦਨ 'ਤੇ ਜ਼ਖ਼ਮ ਦੇ ਨਿਸ਼ਾਨ ਮਿਲੇ ਹਨ। ਕੰਨਾਂ 'ਚੋਂ ਵੀ ਖੂਨ ਨਿਕਲ ਰਿਹਾ ਸੀ। ਪਤਨੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲਾ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਦਰਜ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। - ਪ੍ਰਦੀਪ ਕੁਮਾਰ ਭਾਸਕਰ, ਤਰਾਰੀ ਥਾਣਾ ਮੁਖੀ