ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖ਼ਰੀ ਗੇੜ ਤਹਿਤ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਤੀਜੇ ਅਤੇ ਆਖ਼ਰੀ ਗੇੜ 'ਚ 78 ਵਿਧਾਨ ਸਭਾ ਸੀਟਾਂ 'ਤੇ 15 ਜ਼ਿਲ੍ਹਿਆਂ 'ਚ ਵੋਟਿੰਗ ਹੋਵੇਗੀ। ਤੀਜੇ ਗੇੜ 'ਚ, ਕੁੱਲ 1208 ਉਮੀਦਵਾਰਾਂ ਦੀ ਕਿਸਮਤ ਦਾਅ ਤੇ ਲੱਗੀ ਹੋਈ ਹੈ। ਇਸ 'ਚ ਕਈ ਵੱਡੇ ਨਾਮ ਵੀ ਸ਼ਾਮਲ ਹਨ। ਸਵੇਰੇ 9 ਵਜੇ ਤੱਕ 7.69 ਫੀਸਦੀ ਵੋਟਾਂ ਪੈ ਚੁੱਕੀਆਂ ਹਨ।
78 ਵਿਧਾਨ ਸਭਾ ਸੀਟਾਂ ਲਈ ਹੋਵੇਗੀ ਵੋਟਿੰਗ
ਇਥੇ ਸਭ ਦੀਆਂ ਨਜ਼ਰਾਂ ਸੱਤਾਧਾਰੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ ) ਅਤੇ ਸੂਬੇ 'ਚ ਵਿਰੋਧੀ ਗਠਜੋੜ ਵਿਚਾਲੇ ਮੁਕਾਬਲੇ 'ਤੇ ਟਿੱਕੀ ਹੋਈ ਹੈ।
ਸੂਬੇ ਦੀ 243 ਮੈਂਬਰੀ ਵਿਧਾਨ ਸਭਾ ਲਈ ਤੀਜੇ ਤੇ ਆਖ਼ਰੀ ਗੇੜ ਲਈ ਜਿਨ੍ਹਾਂ 78 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ, ਉਹ 15 ਜ਼ਿਲ੍ਹਿਆਂ 'ਚ ਸਥਿਤ ਹਨ। ਇਥੇ ਹੋਣ ਵਾਲੀ ਚੋਣਾਂ 'ਚ ਕਰੀਬ 2.34 ਕਰੋੜ ਵੋਟਰ ਆਪਣੇ ਚੋਣ ਹੱਕ ਦਾ ਇਸਤੇਮਾਲ ਕਰਨਗੇ। ਇਸ ਗੇੜ 'ਚ ਵਿਧਾਨ ਸਭਾ ਸਪੀਕਰ ਤੇ ਸੂਬੇ ਦੇ ਮੰਤਰੀ ਮੰਡਲ ਤੋਂ 12 ਮੈਂਬਰਾਂ ਸਣੇ 1204 ਉਮੀਂਦਵਾਰ ਹਿੱਸਾ ਲੈ ਰਹੇ ਹਨ।
ਇਨ੍ਹਾਂ ਦਿੱਗਜ਼ਾਂ 'ਤੇ ਟਿੱਕੀ ਨਜ਼ਰ
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੀਟਾਂ ਕੋਸੀ-ਸੀਮਾਂਚਲ ਖੇਤਰ ਵਿੱਚ ਸਥਿਤ ਹਨ, ਜਿੱਥੇ ਮੰਨਿਆ ਜਾਂਦਾ ਹੈ ਕਿ ਏਆਈਐਮਆਈਐਮ ਦੇ ਨੇਤਾ ਅਸਦੁਦੀਨ ਓਵੈਸੀ ਦਾ ਐਨਡੀਏ ਤੇ ਮਹਾਂਗਠਜੋੜ ਦੀ ਲੜਾਈ ਵਿੱਚ ਚੰਗਾ ਪ੍ਰਭਾਵ ਹੈ। ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਦੀ ਪਾਰਟੀ ਨੇ ਇਸ ਖੇਤਰ 'ਚ ਮੁਸਲਮਾਨਾਂ ਦੀ ਅਬਾਦੀ ਦੇ ਨਾਲ ਆਪਣੇ ਉਮੀਦਵਾਰ ਖੜੇ ਕੀਤੇ ਹਨ ਅਤੇ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਹੈ। ਕੋਸੀ-ਸੀਮਾਂਚਲ ਖੇਤਰ ਨੂੰ ਸਾਬਕਾ ਸੰਸਦ ਮੈਂਬਰ ਪੱਪੂ ਯਾਦਵ ਦਾ ਪ੍ਰਭਾਵ ਖੇਤਰ ਵੀ ਮੰਨਿਆ ਜਾਂਦਾ ਹੈ, ਜਿੱਥੇ ਯਾਦਵ ਭਾਈਚਾਰੇ ਦੀ ਚੰਗੀ ਸਾਖ ਹੈ। ਪੱਪੂ ਯਾਦਵ ਦੀ ਜਨ ਅਧਿਕਾਰ ਪਾਰਟੀ ਇਸ ਖੇਤਰ 'ਚ ਆਪਣੀ ਮੌਜੂਦਗੀ ਦਰਜ ਕਰਾਉਣ ਲਈ ਸਖ਼ਤ ਕੋਸ਼ਿਸ਼ ਕਰ ਰਹੀ ਹੈ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਯਾਦਵ ਦਾ ਸਮਰਥਨ ਪ੍ਰਾਪਤ ਹੈ।