ਪੰਜਾਬੀ ਫਿਲਮ ਇੰਡਸਟਰੀ ਦੇ ਬਦਲਣਗੇ ਦਿਨ ਚੰਡੀਗੜ੍ਹ : ਪੰਜਾਬੀ ਫਿਲਮ ਇੰਡਸਟਰੀ ਦੇ ਚੰਗੇ ਦਿਨ ਆਉਣ ਦੇ ਆਸਾਰ ਨਜ਼ਰ ਆ ਰਹੇ ਹਨ। ਸੂਬੇ ਦੀ ਮਾਨ ਸਰਕਾਰ ਫਿਲਮ ਉਦਯੋਗ ਲਈ ਵੱਡਾ ਪਲਾਨ ਬਣਾਉਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਫਿਲਮ ਸਿਟੀ ਬਣਾਈ ਜਾਵੇਗੀ ਤਾਂ ਜੋ ਇਹ ਉਦਯੋਗ ਹੋਰ ਵਧ ਫੁੱਲ ਸਕੇ। ਮਾਨ ਨੇ ਇਹ ਐਲਾਨ ਮਿਸ਼ਨ ਇਨਵੈਸਟਮੈਂਟ ਸਬੰਧੀ ਦੋ ਦਿਨਾਂ ਦੇ ਆਪਣੇ ਮੁੰਬਈ ਦੌਰੇ ਦੌਰਾਨ ਕੀਤਾ ਹੈ। ਮਾਨ ਦੇ ਇਸ ਸੰਬੰਧੀ ਬਿਆਨ ਨੂੰ ਬਕਾਇਦਾ ਆਮ ਆਦਮੀ ਪਾਰਟੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਕੇ ਸਾਂਝਾ ਕੀਤਾ ਹੈ।
ਸੀਐੱਮ ਮਾਨ ਨੇ ਕਿਹਾ ਹੈ ਕਿ ਪਾਲੀਵੁੱਡ ਬਹੁਤ ਵੱਡਾ ਫਿਲਮ ਉਦਯੋਗ ਹੈ। ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ’ਚ ਹੁੰਦੀ ਹੈ ਤੇ ਪੰਜਾਬ ਨਾਲ ਸਬੰਧਤ ਕਿੱਸਿਆਂ ’ਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਉਹ ਪਾਲੀਵੁੱਡ ਤੇ ਬਾਲੀਵੁੱਡ ਦਾ ਮਿਲਾਪ ਕਰਵਾਉਣਗੇ ਤਾਂ ਜੋ ਸਰਕਾਰ ਨੂੰ ਰੈਵੇਨਿਊ ਆਵੇ ਤੇ ਲੋਕਲ ਕਲਾਕਾਰਾਂ ਨੂੰ ਵੀ ਕੰਮ ਮਿਲੇ। ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ‘ਲਾਫਟਰ ਚੈਲੇਂਜ’ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਮੁੰਬਈ ਨਾਲ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਦੀ ਸਥਾਪਨਾ ਅਤੇ ਉਦਯੋਗਿਕ ਖੇਤਰ ਵਿੱਚ ਨਵੇਂ ਆਯਾਮ ਸਥਾਪਿਤ ਕਰਨ ਲਈ ਯਤਨਸ਼ੀਲ ਹੈ। ਸੀਐਮ ਭਗਵੰਤ ਮਾਨ ਵੱਲੋਂ ਇਸ ਦੋ ਦਿਨਾ ਦੌਰੇ ਦੌਰਾਨ ਮੁੰਬਈ ਵਿੱਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਨਾਲ ਪੰਜਾਬ ਵਿੱਚ ਨਿਵੇਸ਼ ਅਤੇ ਇੱਥੋਂ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਨਿਵੇਸ਼ ਨੀਤੀਆਂ ਤੋਂ ਜਾਣੂ ਕਰਵਾਉਣਗੇ। ਪੰਜਾਬ ਦੇ ਉਦਯੋਗਿਕ ਖੇਤਰ ਨੂੰ ਉੱਚਾ ਚੁੱਕਣ ਅਤੇ ਕਾਰੋਬਾਰੀ ਕਿਹੜੇ ਪਲੇਟਫਾਰਮਾਂ ਦੀ ਵਰਤੋਂ ਕਰਕੇ ਪੰਜਾਬ ਵਿੱਚ ਨਿਵੇਸ਼ ਕਰਕੇ ਮੁਨਾਫਾ ਕਮਾ ਸਕਦੇ ਹਨ, ਬਾਰੇ ਵੀ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ :Plane Crashed In Nepal: Nepal plane crash : ਪੰਜ ਵਿੱਚੋਂ ਚਾਰ ਭਾਰਤੀ ਪੋਖਰਾ ਵਿੱਚ ਪੈਰਾਗਲਾਈਡਿੰਗ ਦਾ ਆਨੰਦ ਲੈਣ ਦੀ ਕਰ ਰਹੇ ਸੀ ਤਿਆਰੀ
ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਕਰਨਗੇ ਚਰਚਾ:ਦੱਸ ਦਈਏ ਕਿ ਮੁਖ ਮੰਤਰੀ ਭਗਵੰਤ ਮਾਨ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਕਾਰੋਬਾਰੀਆਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਹ ਸਨਅਤਕਾਰਾਂ ਨਾਲ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਖੁੱਲ੍ਹੇ ਨਿਵੇਸ਼ ਸਬੰਧੀ ਵਿਸਥਾਰਪੂਰਵਕ ਗੱਲਬਾਤ ਕਰਨਗੇ। ਮਾਨ 21 ਜਨਵਰੀ ਨੂੰ ਮੁੰਬਈ ਗਏ ਸਨ ਅਤੇ ਅੱਜ ਵੀ ਉੱਥੇ ਹੀ ਰਹਿਣਗੇ। ਮਾਨ ਪੰਜਾਬ ਦੇ ਕਿਸੇ ਵੀ ਪ੍ਰੋਗਰਾਮ ਅਤੇ ਕੰਮ ਦੇ ਸਿਲਸਿਲੇ ਵਿੱਚ 23 ਜਨਵਰੀ ਨੂੰ ਪੰਜਾਬ ਪਰਤ ਸਕਦੇ ਹਨ।