ਪੰਚਕੂਲਾ: ਰਾਮ ਰਹੀਮ 'ਤੇ ਰਣਜੀਤ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਸਮੇਤ ਪੰਜ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ 12 ਅਕਤੂਬਰ ਨੂੰ ਸਾਰੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰੇਗੀ। ਰਾਮ ਰਹੀਮ ਦੇ ਨਾਲ ਕ੍ਰਿਸ਼ਨਲਾਲ, ਜਸਵੀਰ, ਸਬਦੀਲ ਅਤੇ ਅਵਤਾਰ ਵੀ ਦੋਸ਼ੀ ਹਨ।
ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਕਤਲ ਕੇਸ ਵਿੱਚ ਗੁਰਮੀਤ ਰਾਮ ਰਹੀਮ ਉੱਤੇ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਪਿਛਲੀ ਸੁਣਵਾਈ ਦੌਰਾਨ ਮੁਲਜ਼ਮ ਅਵਤਾਰ, ਜਸਵੀਰ ਅਤੇ ਸਬਦੀਲ ਅਦਾਲਤ ਵਿੱਚ ਮੌਜੂਦ ਸਨ ਅਤੇ ਬਚਾਅ ਪੱਖ ਦੇ ਵਕੀਲ ਨੇ ਸੀਬੀਆਈ ਅਦਾਲਤ ਵਿੱਚ ਅੰਤਿਮ ਦਲੀਲਾਂ ਦੇ ਸਾਰੇ ਦਸਤਾਵੇਜ਼ ਪੇਸ਼ ਕੀਤੇ ਸਨ। ਅਦਾਲਤ ਨੇ ਸੀਬੀਆਈ ਨੂੰ ਇਸ 'ਤੇ ਬਹਿਸ ਕਰਨ ਲਈ ਕਿਹਾ, ਪਰ ਜਾਂਚ ਏਜੰਸੀ ਨੇ ਬਹਿਸ ਨਹੀਂ ਕੀਤੀ। ਸੀਬੀਆਈ ਅਦਾਲਤ ਨੇ ਮਾਮਲੇ ਦੀ ਸੁਣਵਾਈ 26 ਅਗਸਤ ਤਕ ਰਾਖਵੀਂ ਰੱਖੀ ਸੀ। ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਕੇਸ ਦੇ ਫੈਸਲੇ 'ਤੇ 27 ਅਗਸਤ ਤੱਕ ਰੋਕ ਲਗਾ ਦਿੱਤੀ ਸੀ। ਇਹ ਪਾਬੰਦੀ ਹੁਣ ਤੱਕ ਜਾਰੀ ਹੈ।