ਗੁਜਰਾਤ :ਗੁਜਰਾਤ ਦੇ ਨਵੇਂ ਚੁਣੇ ਗਏ ਭਾਜਪਾ (Gujarat Election 2022) ਵਿਧਾਇਕਾਂ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਵਿਧਾਇਕ ਦਲ ਦਾ ਨੇਤਾ ਅਗਲਾ ਮੁੱਖ ਮੰਤਰੀ ਬਣੇਗਾ ਅਤੇ ਮੰਨਿਆ ਜਾ ਰਿਹਾ ਹੈ ਕਿ ਪਟੇਲ ਫਿਰ ਤੋਂ ਮੁੱਖ ਮੰਤਰੀ ਬਣਨਗੇ। ਪਟੇਲ ਨੇ ਸ਼ੁੱਕਰਵਾਰ ਨੂੰ ਆਪਣੀ ਪੂਰੀ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ। ਇਸ ਨਾਲ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ, ਬੀ.ਐੱਸ. ਯੇਦੀਯੁਰੱਪਾ ਅਤੇ ਅਰਜੁਨ ਮੁੰਡਾ ਗਾਂਧੀਨਗਰ 'ਚ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ ਲਈ ਅਬਜ਼ਰਵਰ ਵਜੋਂ ਮੌਜੂਦ ਸਨ।
ਸ਼ਨੀਵਾਰ ਨੂੰ ਗੁਜਰਾਤ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਦਾ ਗਾਂਧੀਨਗਰ ਸਥਿਤ ਭਾਜਪਾ ਪਾਰਟੀ ਦਫਤਰ ਕਮਲਮ ਵਿਖੇ ਤਿਲਕ ਲਗਾ ਕੇ ਅਤੇ ਮਠਿਆਈਆਂ ਖਿਲਾ ਕੇ ਸਵਾਗਤ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਦਫ਼ਤਰ ਪੁੱਜੇ।
ਇਸ ਦੌਰਾਨ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਚੋਣਾਂ ਜਿੱਤਣ ਲਈ ਗੁਜਰਾਤ ਅਤੇ ਇੱਥੋਂ ਦੇ ਲੋਕਾਂ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਜਨਤਾ ਨੇ ਇਸ ਦਾ ਮੂੰਹਤੋੜ ਜਵਾਬ ਦਿੱਤਾ ਹੈ। ਇਹ ਸੱਤਾ ਦੀ ਚੋਣ ਨਹੀਂ ਸਗੋਂ ਰਿਸ਼ਤਿਆਂ ਅਤੇ ਭਰੋਸੇ ਦੀ ਚੋਣ ਸੀ ਅਤੇ ਇਸ ਚੋਣ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਜਿੱਤ ਹੋਈ ਹੈ।
ਨਵੇਂ ਚੁਣੇ ਗਏ ਵਿਧਾਇਕ ਹਾਰਦਿਕ ਪਟੇਲ ਨੇ ਕਿਹਾ ਕਿ ਸਾਰੇ ਗੁਜਰਾਤੀਆਂ ਲਈ ਇਹ ਬਹੁਤ ਵੱਡਾ ਦਿਨ ਹੈ ਕਿ ਇੱਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣੀ ਹੈ। ਵਿਧਾਇਕ ਦਲ ਦੀ ਬੈਠਕ 'ਚ ਪਾਰਟੀ ਦੇ ਫੈਸਲੇ ਨੂੰ ਸਾਰੇ 157 ਵਿਧਾਇਕ ਸਵੀਕਾਰ ਕਰਨਗੇ। ਅਸੀਂ ਸਾਰੇ ਮੰਨਦੇ ਹਾਂ ਕਿ ਪਾਰਟੀ ਦੀ ਲੀਡਰਸ਼ਿਪ ਗੁਜਰਾਤ ਨੂੰ ਹੋਰ ਤਾਕਤ ਦੇਵੇਗੀ।
ਭਾਜਪਾ ਨੇ ਗੁਜਰਾਤ ਦੀਆਂ 182 ਵਿਧਾਨ ਸਭਾ ਸੀਟਾਂ ਵਿੱਚੋਂ 156 ਸੀਟਾਂ ਜਿੱਤ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਜਪਾ ਦੀ ਗੁਜਰਾਤ ਇਕਾਈ ਦੇ ਮੁਖੀ ਸੀਆਰ ਪਾਟਿਲ ਅਤੇ ਪਾਰਟੀ ਦੇ ਮੁੱਖ ਵ੍ਹਿਪ ਪੰਕਜ ਦੇਸਾਈ ਦੇ ਨਾਲ ਪਟੇਲ ਨੇ ਗਾਂਧੀਨਗਰ ਦੇ ਰਾਜ ਭਵਨ ਵਿੱਚ ਰਾਜਪਾਲ ਆਚਾਰੀਆ ਦੇਵਵਰਤ ਨੂੰ ਆਪਣਾ ਅਸਤੀਫਾ ਸੌਂਪਿਆ। ਇਹ ਸਿਰਫ਼ ਇੱਕ ਰਸਮੀਤਾ ਹੈ, ਕਿਉਂਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਪਟੇਲ ਨੂੰ ਰਾਜ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਹੈ।