ਆਈਜ਼ੌਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 'ਸ਼ਾਨਦਾਰ ਮਿਜ਼ੋਰਮ' ਬਣਾਉਣ ਲਈ ਵਚਨਬੱਧ ਹੈ ਅਤੇ ਚੋਣਾਂ ਵਾਲੇ ਰਾਜ ਦੇ ਲੋਕ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵਾਂਗ ਹਨ। ਮਿਜ਼ੋਰਮ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਰੇਲਵੇ, ਸਿਹਤ, ਖੇਡਾਂ ਅਤੇ ਹੋਰ ਖੇਤਰਾਂ ਨਾਲ ਸਬੰਧਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਈ ਕਦਮ ਚੁੱਕੇ ਹਨ।
ਮਿਜ਼ੋਰਮ ਦੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੱਸਦਿਆਂ ਮੋਦੀ ਨੇ ਕਿਹਾ ਕਿ ਸੂਬੇ ਦੇ ਨਿੱਘੇ ਦਿਲ ਵਾਲੇ ਲੋਕਾਂ ਨਾਲ ਗੱਲਬਾਤ ਕਰਨਾ ਉਨ੍ਹਾਂ ਲਈ ਹਮੇਸ਼ਾ ਹੀ ਖੁਸ਼ੀ ਦੀ ਗੱਲ ਹੈ। ਮੋਦੀ ਨੇ ਕਿਹਾ, 'ਅਸੀਂ ਤੁਹਾਡੀਆਂ ਇੱਛਾਵਾਂ, ਸੁਪਨਿਆਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਨੂੰ ਬਹੁਤ ਮਹੱਤਵ ਦਿੱਤਾ ਹੈ।' ਉਨ੍ਹਾਂ ਕਿਹਾ, 'ਦੋਸਤੋ, ਭਾਜਪਾ ਇਕ ਸ਼ਾਨਦਾਰ ਮਿਜ਼ੋਰਮ ਬਣਾਉਣ ਲਈ ਵਚਨਬੱਧ ਹੈ। ਮੈਨੂੰ ਯਕੀਨ ਹੈ ਕਿ ਸਾਨੂੰ ਇਸ ਨੂੰ ਪੂਰਾ ਕਰਨ ਲਈ ਤੁਹਾਡਾ ਸਮਰਥਨ ਅਤੇ ਆਸ਼ੀਰਵਾਦ ਮਿਲੇਗਾ।
ਮਿਜ਼ੋਰਮ ਵਿਧਾਨ ਸਭਾ ਦੀਆਂ 40 ਸੀਟਾਂ ਲਈ 7 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਪ੍ਰਧਾਨ ਮੰਤਰੀ ਨੇ ਪਹਿਲਾਂ ਰਾਜ ਦਾ ਦੌਰਾ ਕਰਨਾ ਸੀ ਅਤੇ 30 ਅਕਤੂਬਰ ਨੂੰ ਮਮਿਤ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਾ ਸੀ। ਹਾਲਾਂਕਿ ਉਨ੍ਹਾਂ ਦਾ ਦੌਰਾ ਬਿਨਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤਾ ਗਿਆ।
ਮੋਦੀ ਨੇ ਕਿਹਾ ਕਿ ਕੁਦਰਤ ਅਤੇ ਸੰਸਕ੍ਰਿਤੀ ਕਾਰਨ ਮਿਜ਼ੋਰਮ ਵਿੱਚ ਵੀ ਵਿਸ਼ਵ ਸੈਰ-ਸਪਾਟਾ ਕੇਂਦਰ ਬਣਨ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਦੋਸਤੋ, ਮਿਜ਼ੋਰਮ ਦੀ ਆਪਣੀ ਪਿਛਲੀ ਫੇਰੀ ਦੌਰਾਨ ਮੈਂ ਟਰਾਂਸਪੋਰਟ ਰਾਹੀਂ ਤਬਦੀਲੀ ਲਿਆਉਣ ਲਈ ਕੰਮ ਕਰਨ ਦਾ ਵਾਅਦਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਰ ਖੇਤਰ ਵਿੱਚ ਕ੍ਰਾਂਤੀ ਆਈ ਹੈ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਿਜ਼ੋਰਮ ਦੇ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਜਾਣਗੇ, ਤਾਂ ਜੋ ਲੋਕਾਂ ਨੂੰ ਇਲਾਜ ਲਈ ਹੋਰ ਥਾਵਾਂ 'ਤੇ ਜਾਣ ਦੀ ਲੋੜ ਨਾ ਪਵੇ। ਮਿਜ਼ੋਰਮ ਦੇ ਕਿਸਾਨਾਂ ਨੂੰ ਸੂਬੇ ਦੇ ਵਿਕਾਸ ਦੀ ਨੀਂਹ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਕੇਂਦਰੀ ਯੋਜਨਾ ਤਹਿਤ 1.7 ਲੱਖ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਰਹੇ ਹਨ।