ਹੈਦਰਾਬਾਦ: ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਵਿਸ਼ਵ ਭਰ ਵਿੱਚ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਸਾਨੂੰ ਹਰ ਸਥਿਤੀ ਵਿੱਚ ਵਾਤਾਵਰਣ ਦੀ ਰਾਖੀ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਵਾਤਾਵਰਣ ਦਿਵਸ ਕਿਵੇਂ ਸ਼ੁਰੂ ਹੋਇਆ, ਇਸਦੀ ਮਹੱਤਤਾ ਅਤੇ ਵਾਤਾਵਰਣ ਉੱਤੇ ਮਨੁੱਖੀ ਕਾਰਜਾਂ ਦੇ ਪ੍ਰਭਾਵ।
ਵਾਤਾਵਰਣ ਦਿਵਸ ਦੀ ਸ਼ੁਰੂਆਤ
ਸਾਲ 1972 ਨੇ ਅੰਤਰਰਾਸ਼ਟਰੀ ਵਾਤਾਵਰਣ ਦੀ ਰਾਜਨੀਤੀ ਦੇ ਵਿਕਾਸ 'ਚ ਇੱਕ ਅਹਿਮ ਮੋੜ ਆਇਆ, ਜਦੋਂ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਅਧੀਨ ਵਾਤਾਵਰਣ ਸੰਬੰਧੀ ਮੁਸ਼ਕਿਲਾਂ ਬਾਰੇ ਸਟਾਕਹੋਮ (ਸਵੀਡਨ) ਵਿੱਚ 5 ਤੋਂ 16 ਜੂਨ ਦਰਮਿਆਨ ਪਹਿਲੀ ਵੱਡੀ ਕਾਨਫਰੰਸ ਕੀਤੀ ਗਈ। ਇਸ ਨੂੰ ਮਨੁੱਖੀ ਵਾਤਾਵਰਣ ਬਾਰੇ ਸੰਮੇਲਨ ਜਾਂ ਸਟਾਕਹੋਮ ਕਨਵੈਨਸ਼ਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਦਾ ਟੀਚਾ ਮਨੁੱਖੀ ਵਾਤਾਵਰਣ ਨੂੰ ਬਚਾਉਣ ਅਤੇ ਵਧਾਉਣ ਦੀ ਚੁਣੌਤੀ ਨੂੰ ਹੱਲ ਕਰਨ ਬਾਰੇ ਇੱਕ ਮੁਢਲਾ ਆਮ ਨਜ਼ਰੀਆ ਪੈਦਾ ਕਰਨਾ ਸੀ।
ਬਾਅਦ ਵਿੱਚ ਇਸੇ ਸਾਲ 15 ਦਸੰਬਰ ਨੂੰ ਜਨਰਲ ਅਸੈਂਬਲੀ ਨੇ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵਜੋਂ ਨਾਮਜ਼ਦ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ 1974 ਵਿੱਚ 'ਸਿਰਫ਼ ਇੱਕ ਧਰਤੀ' ਦੇ ਨਾਅਰੇ ਨਾਲ ਪਹਿਲੀ ਵਾਰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।
ਮਹੱਤਵ
ਇਸ ਦਿਨ ਨੂੰ ਵਾਤਾਵਰਣ ਦੇ ਮੁੱਦਿਆਂ 'ਤੇ ਤੁਰੰਤ ਕਾਰਵਾਈ ਕਰਨ ਲਈ ਇੱਕ ਗਲੋਬਲ ਪਲੇਟਫਾਰਮ ਵਜੋਂ ਵਿਕਸਤ ਕੀਤਾ ਗਿਆ ਹੈ। ਸਾਡੀ ਖਪਤ ਦੀਆਂ ਆਦਤਾਂ ਵਿੱਚ ਤਬਦੀਲੀ ਦੇ ਨਾਲ ਲੱਖਾਂ ਲੋਕਾਂ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਵਾਤਾਵਰਣ ਨੀਤੀ ਵਿੱਚ ਹਿੱਸਾ ਲਿਆ ਹੈ।
ਵਿਸ਼ਵ ਵਾਤਾਵਰਣ ਦਿਵਸ ਨੇ ਯੂ.ਐੱਨ.ਈ.ਪੀ. (ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ) ਨੂੰ ਜਾਗਰੂਕਤਾ ਪੈਦਾ ਕਰਨ ਅਤੇ ਓਜ਼ੋਨ ਪਰਤ ਦੇ ਵਿਘਨ, ਜ਼ਹਿਰੀਲੇ ਰਸਾਇਣਾਂ, ਮਾਰੂਥਲੀਕਰਨ ਅਤੇ ਗਲੋਬਲ ਵਾਰਮਿੰਗ ਵਰਗੀਆਂ ਵੱਧ ਰਹੀਆਂ ਚਿੰਤਾਵਾਂ ਬਾਰੇ ਰਾਜਨੀਤਿਕ ਗਤੀ ਪੈਦਾ ਕਰਨ ਵਿੱਚ ਸਹਾਇਤਾ ਕੀਤੀ ਹੈ।