ਨਵੀਂ ਦਿੱਲੀ: ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਕਾਂਗਰਸ ਨੇ ਪੀਐਮ ਨੂੰ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਐਲਏਸੀ 'ਤੇ ਚੀਨੀ ਕਾਰਵਾਈਆਂ ਦੇ ਮੱਦੇਨਜ਼ਰ ਚੀਨ ਦਾ ਨਾਂਅ ਨਾ ਲੈਣ 'ਤੇ ਸਵਾਲ ਕੀਤਾ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, "ਸਾਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ 'ਤੇ ਮਾਣ ਹੈ। ਕਾਂਗਰਸ ਸਣੇ ਸਾਰੇ 130 ਕਰੋੜ ਭਾਰਤੀ ਸੈਨਿਕ ਬਲਾਂ ਦੀ ਹਿੰਮਤ ’ਤੇ ਵਿਸ਼ਵਾਸ ਕਰਦੇ ਹਨ, ਪਰ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਚੀਨ ਦਾ ਨਾਂਅ ਲੈਣ ਤੋਂ ਕਿਉਂ ਡਰਦੇ ਹਨ?"
ਕਾਂਗਰਸ ਨੇ ਕਿਹਾ ਕਿ ਸਰਹੱਦੀ ਤਣਾਅ ਸ਼ੁਰੂ ਹੋਣ ਤੋਂ ਬਾਅਦ ਤੱਕ ਮੋਦੀ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਚੀਨ ਦਾ ਨਾਂਅ ਨਹੀਂ ਲਿਆ।
ਐਤਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਹਰ ਕੋਈ ਭਾਰਤੀ ਸੈਨਾ ਦੀ ਸਮਰੱਥਾ ਅਤੇ ਬਹਾਦਰੀ 'ਤੇ ਵਿਸ਼ਵਾਸ ਕਰਦਾ ਹੈ। ਪ੍ਰਧਾਨ ਮੰਤਰੀ ਨੂੰ ਛੱਡ ਕੇ, ਜਿਸ ਦੀ ਕਾਇਰਤਾ ਨੇ ਚੀਨ ਨੂੰ ਸਾਡੀ ਜ਼ਮੀਨ ਲੈਣ ਦੀ ਇਜਾਜ਼ਤ ਦਿੱਤੀ। ਜਿਸ ਦਾ ਝੂਠ ਯਕੀਨੀ ਬਣਾਏਗਾ ਕਿ ਉਹ ਇਸ ਨੂੰ ਬਰਕਰਾਰ ਰੱਖਣਗੇ।"
ਸਾਬਕਾ ਕੇਂਦਰੀ ਮੰਤਰੀ ਅਤੇ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ, "ਚੀਨ ਨੇ ਸਾਡੇ ਖੇਤਰ 'ਤੇ ਕਬਜ਼ਾ ਕਰ ਲਿਆ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਚੀਨ ਦਾ ਨਾਂਅ ਲੈਣ ਦੀ ਹਿੰਮਤ ਨਹੀਂ ਹੈ। ਉਹ ਕਿਹੋ ਜਿਹੇ ਲੀਡਰ ਹਨ?"
ਸੁਤੰਤਰਤਾ ਦਿਵਸ ਮੌਕੇ ਜਾਰੀ ਕੀਤੇ ਆਪਣੇ ਬਿਆਨ ਵਿੱਚ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਬੀਤੀ 15 ਜੂਨ ਨੂੰ ਗਲਵਾਨ ਘਾਟੀ ਵਿੱਚ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 20 ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਉੱਤੇ ਹਮਲਾ ਕੀਤਾ ਸੀ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ 74ਵੇਂ ਆਜ਼ਾਦੀ ਦਿਵਸ ਮੌਕੇ, ਮੋਦੀ ਨੇ ਕਿਹਾ ਸੀ ਕਿ ਭਾਰਤ ਦੀ ਪ੍ਰਭੂਸੱਤਾ ਦਾ ਸਤਿਕਾਰ ਦੇਸ਼ ਵਾਸੀਆਂ ਲਈ ਸਰਵਉੱਚ ਹੈ ਅਤੇ ਕੰਟਰੋਲ ਰੇਖਾ ਅਤੇ ਅਸਲ ਕੰਟਰੋਲ ਰੇਖਾ 'ਤੇ ਕਿਸੇ ਵੀ ਘਟਨਾ 'ਤੇ ਭਾਰਤੀ ਫੌਜ ਨੇ ਉਸੇ ਭਾਸ਼ਾ ਤਰ੍ਹਾਂ ਜਵਾਬ ਦਿੱਤਾ, ਜਦੋਂ ਕਿਸੇ ਨੇ ਦੇਸ਼ ਦੀ ਖੇਤਰੀ ਅਖੰਡਤਾ ਨੂੰ ਚੁਣੌਤੀ ਦਿੱਤੀ।
ਮੋਦੀ ਨੇ ਕਿਹਾ ਸੀ, "ਭਾਰਤ ਦੀ ਪ੍ਰਭੂਸੱਤਾ ਦਾ ਸਤਿਕਾਰ ਸਾਡੇ ਲਈ ਸਰਵਉੱਚ ਹੈ। ਸਾਡੇ ਬਹਾਦਰ ਸੈਨਿਕ ਇਸ ਲਈ ਕੀ ਕਰ ਸਕਦੇ ਹਨ, ਦੇਸ਼ ਕੀ ਕਰ ਸਕਦਾ ਹੈ, ਵਿਸ਼ਵ ਨੇ ਲੱਦਾਖ ਵਿੱਚ ਵੇਖਿਆ ਹੈ।