ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸੱਕਤਰ ਪ੍ਰਿਯੰਕਾ ਗਾਂਧੀ ਨੇ ਸੜਕ ਹਾਦਸੇ 'ਚ ਜ਼ਖ਼ਮੀ ਹੋਈ ਉੱਨਾਵ ਰੇਪ ਪੀੜਤਾ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਜਪਾ ਹੁਣ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਬਲਾਤਕਾਰ ਦੇ ਦੋਸ਼ੀ ਵਿਧਾਇਕ ਨੂੰ ਪਾਰਟੀ ਵਿੱਚੋਂ ਕਿਉਂ ਨਹੀਂ ਕੱਢ ਰਹੀ, ਜਦਕਿ ਉਸ ਦਾ ਨਾਂਅ ਉੱਨਾਵ ਰੇਪ ਮਾਮਲੇ ਵਿੱਚ ਹੈ। ਉਨ੍ਹਾਂ ਨੇ ਟਵੀਟ ਦੇ ਨਾਲ ਹੈਸ਼ਟੈਗ #BJPSackSengar ਵੀ ਲਿਖਿਆ।
ਪ੍ਰਿਯੰਕਾ ਗਾਂਧੀ ਦਾ ਭਾਜਪਾ ਨੂੰ ਸਵਾਲ, ਰੇਪ ਦੇ ਦੋਸ਼ੀ ਨੂੰ ਪਾਰਟੀ 'ਚੋਂ ਕਿਉਂ ਨਹੀਂ ਕੱਢਿਆ - ਪ੍ਰਿਯੰਕਾ ਗਾਂਧੀ
ਸੜਕ ਹਾਦਸੇ 'ਚ ਜ਼ਖਮੀ ਹੋਈ ਉੱਨਾਵ ਰੇਪ ਪੀੜਤਾ ਦੇ ਮਾਮਲੇ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਭਾਜਪਾ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਹਨ। ਪ੍ਰਿਯੰਕਾ ਦਾ ਕਹਿਣਾ ਹੈ ਕਿ ਭਾਜਪਾ ਰੇਪ ਦੇ ਦੋਸ਼ੀ ਨੂੰ ਪਾਰਟੀ ਵਿੱਚੋ ਕਿਉਂ ਨਹੀਂ ਕੱਢ ਰਹੀ।
ਉਸ ਤੋਂ ਪਹਿਲਾ ਪ੍ਰਿਯੰਕਾ ਗਾਂਧੀ ਨੇ ਉੱਨਾਵ ਬਲਾਤਕਾਰ ਦੀ ਸਜ਼ਾ ਦੇ ਪੀੜਤ ਨਾਲ ਵਾਪਰੇ ਸੜਕ ਹਾਦਸੇ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਦੱਸਦਿਆਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਸਵਾਲ ਕੀਤਾ ਸੀ ਕਿ ਭਾਜਪਾ ਸਰਕਾਰ ਤੋਂ ਇਨਸਾਫ਼ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ "ਉੱਨਾਵ ਬਲਾਤਕਾਰ ਪੀੜਤ ਦੇ ਨਾਲ ਸੜਕ ਹਾਦਸਾ ਹੈਰਾਨ ਕਰਨ ਵਾਲਾ ਹੈ।"
ਜ਼ਿਕਰਯੋਗ ਹੈ ਕਿ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਪੀੜਤਾ ਐਤਵਾਰ ਨੂੰ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜਖ਼ਮੀ ਹੋ ਗਈ ਸੀ। ਹਾਦਸੇ 'ਚ ਪੀੜਤਾ ਦੀ ਮਾਸੀ, ਚਾਚੀ ਅਤੇ ਡਰਾਈਵਰ ਦੀ ਮੌਤ ਹੋ ਗਈ, ਉੱਥੇ ਹੀ ਪੀੜਤ ਲੜਕੀ ਅਤੇ ਉਸ ਦਾ ਵਕੀਲ ਹਸਪਤਾਲ 'ਚ ਭਰਤੀ ਹਨ।