ਨਵੀਂ ਦਿੱਲੀ: ਬਾਲ ਦਿਵਸ ਦੇਸ਼ ਵਿੱਚ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 129 ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਬਾਲ ਦਿਵਸ ਦੇ ਦਿਨ ਕਈ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ ਤੇ ਬੱਚਿਆਂ ਲਈ ਖੇਡਾਂ ਦਾ ਆਯੋਜਨ ਹੁੰਦਾ ਹੈ। ਕਈ ਸਕੂਲਾਂ ਵਿੱਚ ਬਾਲ ਦਿਵਸ ਮੌਕੇ ਬੱਚਿਆਂ ਨੂੰ ਪਿਕਨਿਕ 'ਤੇ ਲਿਜਾਇਆ ਜਾਂਦਾ ਹੈ ਤੇ ਬੱਚਿਆਂ ਨੂੰ ਤੋਹਫ਼ੇ ਵੀ ਦਿੱਤੇ ਜਾਂਦੇ ਹਨ।
ਬਾਲ ਦਿਵਸ ਦਾ ਤਿਉਹਾਰ ਦੇਸ਼ ਦੇ ਭਵਿੱਖ ਨੂੰ ਬਣਾਉਣ ਵਿਚ ਬੱਚਿਆਂ ਦੀ ਮਹੱਤਤਾ ਨੂੰ ਦੱਸਦਾ ਹੈ। ਇਸ ਦੇ ਨਾਲ ਹੀ, ਇਸ ਦਿਨ ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਹ ਬਹੁਤ ਮਹੱਤਵਪੂਰਣ ਹੈ ਕਿ ਬੱਚੇ ਸਹੀ ਸਿੱਖਿਆ, ਪੋਸ਼ਣ, ਸਭਿਆਚਾਰ ਪ੍ਰਾਪਤ ਕਰਨ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹਨ।
14 ਨਵੰਬਰ ਨੂੰ ਕਿਉਂ ਮਨਾਇਆ ਜਾਂਦਾ ਬਾਲ ਦਿਵਸ
ਸੰਯੁਕਤ ਰਾਸ਼ਟਰ ਨੇ 20 ਨਵੰਬਰ 1954 ਨੂੰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਤੇ ਭਾਰਤ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਪਹਿਲਾਂ 20 ਨਵੰਬਰ ਨੂੰ ਬਾਲ ਦਿਵਸ ਮਨਾਇਆ ਗਿਆ ਸੀ। ਪਰ 27 ਮਈ 1964 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ, ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਬਾਲ ਦਿਵਸ ਹਰ ਸਾਲ 14 ਨਵੰਬਰ ਨੂੰ ਚਾਚਾ ਨਹਿਰੂ ਦੇ ਜਨਮ ਦਿਨ 'ਤੇ ਮਨਾਇਆ ਜਾਵੇਗਾ। ਉਸ ਤੋਂ ਬਾਅਦ, ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਣ ਲੱਗ ਗਿਆ।
ਕੌਮਾਂਤਰੀ ਬਾਲ ਦਿਵਸ 20 ਨਵੰਬਰ ਨੂੰ ਮਨਾਇਆ ਜਾਂਦਾ ਹੈ। 1959 ਵਿੱਚ, ਸੰਯੁਕਤ ਰਾਸ਼ਟਰ ਮਹਾਂਸਭਾ (ਜਨਰਲ ਅਸੈਂਬਲੀ) ਨੇ ਬੱਚਿਆਂ ਦੇ ਅਧਿਕਾਰਾਂ ਦਾ ਐਲਾਨ ਕੀਤਾ ਸੀ। ਬਾਲ ਅਧਿਕਾਰਾਂ ਨੂੰ ਚਾਰ ਵੱਖ-ਵੱਖ ਭੰਗਾਂ ਵਿੱਚ ਵੰਡਿਆ ਗਿਆ ਹੈ- ਜੀਵਨ ਜਿਉਣ ਦਾ ਅਧਿਕਾਰ, ਸੁਰੱਖਿਆ ਦਾ ਅਧਿਕਾਰ, ਭਾਗੀਦਾਰੀ ਦਾ ਅਧਿਕਾਰ ਅਤੇ ਵਿਕਾਸ ਦਾ ਅਧਿਕਾਰ। ਹਾਲਾਂਕਿ, ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਬਾਲ ਦਿਵਸ 20 ਨਵੰਬਰ ਦੀ ਥਾਂ ਵੱਖਰੇ ਦਿਨ ਮਨਾਇਆ ਜਾਂਦਾ ਹੈ।