ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸਨਿਚਰਵਾਰ ਨੂੰ ਸੂਬਾ ਸਰਕਾਰ ਨੂੰ ਕਿਹਾ ਕਿ ਨਿੱਜੀ ਸੁਰੱਖਿਆ ਅਧਿਕਾਰੀ ਬਲਵਿੰਦਰ ਸਿੰਘ ਨੂੰ ਤੱਤਕਾਲ ਪ੍ਰਭਾਵ ਨਾਲ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫ਼ਤੇ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੌਰਾਨ ਉਸ ਦੀ ਪੱਗ ਉਤਰ ਗਈ ਸੀ।
ਧਨਖੜ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦੇ ਇੱਕ ਦਲ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਮੰਗ ਰੱਖੀ ਕਿ ਸਾਬਕਾ ਫ਼ੌਜੀ ਵਿਰੁੱਧ ਮਾਮਲਾ ਵਾਪਸ ਲਿਆ ਜਾਵੇ।
ਰਾਜਪਾਲ ਨੇ ਟਵੀਟ ਕੀਤਾ ਹੈ ਕਿ ਸਾਬਕਾ ਫ਼ੌਜੀਆਂ ਦਾ ਇੱਕ ਦਲ ਮੈਨੂੰ ਮਿਲਿਆ, ਜਿਸ ਨੇ ਬਲਵਿੰਦਰ ਸਿੰਘ ਵਿਰੁੱਧ ਦਰਜ ਮਾਮਲੇ ਨੂੰ ਵਾਪਸ ਲੈਣ ਲਈ ਕਿਹਾ ਹੈ ਅਤੇ ਤੱਤਕਾਲ ਰਿਹਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਰਾਜਪਾਲ ਨੇ 3 ਦਿਨ ਪਹਿਲਾਂ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਉਸ ਨੇ ਬੇਟੇ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਨੇ 11 ਅਕਤੂਬਰ ਨੂੰ ਦਿੱਲੀ ਤੋਂ ਆਏ ਸਿੱਖਾਂ ਦੇ ਇੱਕ ਵਫ਼ਦ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਆਪਣੀ ਕਾਰਵਾਈ ਨੂੰ ਸਹੀ ਠਹਿਰਾਉਣ ਦੇ ਬਜਾਏ ਪੁਲਿਸ ਨੂੰ ਉਸ ਨੂੰ ਸੁਧਾਰਣਾ ਚਾਹੀਦਾ ਹੈ।