ਹੈਦਰਾਬਾਦ: ਭਾਰਤ ਬਾਇਓਟੈਕ ਕੰਪਨੀ ਇਸ ਸਮੇਂ ਕੋਰੋਨਾ ਵਾਇਰਸ ਵੈਕਸੀਨ ਦੀਆਂ ਮਨੁੱਖੀ ਅਜ਼ਮਾਇਸ਼ਾਂ ਕਰ ਰਹੀ ਹੈ। ਕੰਪਨੀ ਨੂੰ ਇਸ ਬਾਰੇ 'ਚ ਕੋਈ ਕਾਹਲੀ ਨਹੀਂ ਹੈ। ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਐਲਾ ਦਾ ਕਹਿਣਾ ਹੈ ਕਿ ਅਸੀਂ ਸਭ ਤੋਂ ਵੱਧ ਗੁਣਵੱਤਾ ਵਾਲੀ ਕੋਵਿਡ ਵੈਕਸੀਨ ਨੂੰ ਲੈ ਕੇ ਆਵਾਂਗੇ। ਕੰਪਨੀ ਇਸ ਨੂੰ ਦਬਾਅ ਜਾਂ ਜਲਦਬਾਜ਼ੀ ਵਿੱਚ ਨਹੀਂ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਕੋਲ ਟੀਕਾ ਜਲਦੀ ਵਿਕਸਤ ਕਰਨ ਦੀ ਸਮਰੱਥਾ ਹੈ, ਪਰ ਅਸੀਂ ਇਸ ਨੂੰ ਉੱਚ ਗੁਣਵੱਤਾ, ਸੁਰੱਖਿਅਤ ਅਤੇ ਘੱਟ ਕੀਮਤ ਨਾਲ ਲੈ ਕੇ ਆਵਾਂਗੇ।
ਚੇਨਈ ਇੰਟਰਨੈਸ਼ਨਲ ਸੈਂਟਰ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨਾ ਐਲਾ ਨੇ ਕਿਹਾ ਕਿ ਕੰਪਨੀ 'ਤੇ ਵੈਕਸੀਨ ਲਾਂਚ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ, ਕਿਉਂਕਿ ਕੋਰੋਨਾ ਵਾਇਰਸ ਤੇਜ਼ੀ ਨਾਲ ਫ਼ੈਲ ਰਿਹਾ ਹੈ ਪਰ ਅਸੀਂ ਗੁਣਵੱਤਾ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ।
ਉਨ੍ਹਾਂ ਨੇ ਕਿਹਾ ਅਸੀਂ ਉੱਚ ਮਿਆਰਾਂ ਲਈ ਕਲੀਨਿਕਲ ਅਜ਼ਮਾਇਸ਼ਾਂ ਕਰ ਰਹੇ ਹਾਂ। ਅੰਤਰਰਾਸ਼ਟਰੀ ਸੰਸਥਾਵਾਂ ਤੇ ਸੁਸਾਇਟੀਆਂ ਸਾਰੇ ਸਾਡੇ ਕੰਮ ਨੂੰ ਵੇਖ ਰਹੇ ਹਨ। ਕੋਵਿਡ ਟੀਕਾ ਜਾਰੀ ਕਰਨਾ ਨਾ ਸਿਰਫ਼ ਸਾਡੇ ਲਈ ਬਲਕਿ ਦੇਸ਼ ਲਈ ਵੀ ਵੱਕਾਰ ਦਾ ਵਿਸ਼ਾ ਹੈ। ਇਸ ਲਈ ਅਸੀਂ ਮਿਆਰਾਂ ਨਾਲ ਸਮਝੌਤਾ ਨਹੀਂ ਕਰਾਂਗੇ। ਅਸੀਂ ਸਿਰਫ਼ ਗੁਣਵੱਤਾ ਵਾਲਾ ਉਤਪਾਦ ਹੀ ਜਾਰੀ ਕਰਾਂਗੇ।