ਰਾਂਚੀ: ਰਾਂਚੀ ਦਾ ਸੂਬਾ ਪੱਧਰੀ ਰਿਹਾਇਸ਼ੀ ਗਰਲਜ਼ ਹਾਈ ਸਕੂਲ ਟਾਪੂ ਵਿੱਚ ਤਬਦੀਲ ਹੋ ਚੁੱਕਾ ਹੈ। ਇੱਥੇ ਰਹਿਣ ਵਾਲੇ 360 ਵਿਦਿਆਰਥੀ ਪਿਛਲੇ 7 ਦਿਨਾਂ ਤੋਂ ਮੁਸ਼ਕਲ ਭਰੇ ਹਲਾਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਈਟੀਵੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਵਿਦਿਆਰਥਣਾਂ ਨੇ ਦੱਸਿਆ ਕਿ ਸਕੂਲ ਅਤੇ ਹੋਸਟਲ ਵਿੱਚ ਹਰ ਥਾਂ ਪਾਣੀ ਭਰ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿੱਚ ਉਹ ਸਕੂਲ ਪ੍ਰਬੰਧਨ ਨੂੰ ਦੱਸ ਚੁੱਕੇ ਹਨ ਪਰ ਕੋਈ ਕਾਰਵਾਈ ਅਤੇ ਇੰਤਜਾਮ ਨਹੀਂ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਹੀ ਮਿਲ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਲੱਕੜ ਦੀਆਂ ਚੌਂਕੀਆਂ ਨੂੰ ਜੋੜ ਕੇ ਪੁੱਲ੍ਹ ਤਿਆਰ ਕੀਤਾ ਹੈ। ਇਸ ਦੌਰਾਨ ਇੱਕ ਥਾਂ ਤੋਂ ਦੂਜੇ ਥਾਂ ਜਾਂਦੇ ਹੋਏ ਇੱਕ ਵਿਦਿਆਰਥਣ ਪੈਰ ਤਿਲਕਣ ਕਾਰਨ ਗੰਭੀਰ ਜ਼ਖ਼ਮੀ ਵੀ ਹੋ ਗਈ ਹੈ।
ਵਿਦਿਆਰਥੀਣਾਂ ਨੇ ਦੱਸਿਆ ਕਿ ਹੋਸਟਲ ਦੇ ਵਿੱਚ ਪਾਣੀ ਭਰ ਜਾਣ ਕਾਰਨ ਮੱਛਰ ਪੈਦਾ ਹੋ ਗਏ ਹਨ ਅਤੇ ਸਕੂਲ ਦੇ ਵਿੱਚ ਕਈ ਥਾਂ ਸੱਪ ਨਜ਼ਰ ਆ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਹੋਸਟਲ ਵਿੱਚ ਇੱਕ ਸੱਪ ਵਿਦਿਆਰਥੀਆਂ ਦੇ ਬਿਸਤਰਿਆਂ 'ਤੇ ਚੜ੍ਹਦਾ ਹੋਇਆ ਵਿਖਾਈ ਦਿੱਤਾ। ਹੌਂਸਲਾ ਕਰਕੇ ਵਿਦਿਆਰਥਣਾਂ ਨੇ ਉਸ ਨੂੰ ਡੰਡੇ ਨਾਲ ਮਾਰ ਕੇ ਆਪਣੀ ਜਾਨ ਬਚਾਈ। ਹਲਾਂਕਿ ਅਜੇ ਵੀ ਸਕੂਲ ਪ੍ਰਬੰਧਕਾਂ ਅਤੇ ਸਰਕਾਰੀ ਅਦਾਰਿਆਂ ਸਮੇਤ ਸਿੱਖਿਆ ਵਿਭਾਗ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਹੈ।