ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਬੁੱਧਵਾਰ ਦੀ ਰਾਤ ਨੂੰ ਅੱਤਵਾਦੀਆਂ ਨੇ ਸਥਾਨਕ ਭਾਜਪਾ ਆਗੂ ਸ਼ੇਖ ਵਸੀਮ ਬਾਰੀ ਸਮੇਤ 3 ਪਰਿਵਾਰਕ ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਕਸ਼ਮੀਰ ਦੇ ਆਈਜੀ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਬਾਰੀ ਕੋਲ ਲੋੜੀਂਦੀ ਸੁਰੱਖਿਆ ਸੀ, ਪਰ ਜੋ ਹੋਇਆ ਉਹ ਡਿਊਟੀ ਵਾਲੇ ਕਰਮਚਾਰੀਆਂ ਦੀ ਲਾਪਰਵਾਹੀ ਸੀ। ਡਿਊਟੀ 'ਤੇ ਮੌਜੂਦ ਸਾਰੇ 10 ਜਵਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਇਹ ਪਹਿਲਾਂ ਤੋਂ ਯੋਜਨਾਬੱਧ ਹਮਲੇ ਦੀ ਤਰ੍ਹਾਂ ਲਗਦਾ ਹੈ।
ਬਾਂਦੀਪੋਰਾ ਥਾਣੇ ਨੇੜੇ ਵਾਪਰੀ ਇਸ ਘਟਨਾ ਵਿੱਚ ਅੱਤਵਾਦੀਆਂ ਨੇ ਵਸੀਮ ਬਾਰੀ ਦੇ ਭਰਾ ਅਤੇ ਪਿਤਾ ‘ਤੇ ਵੀ ਫਾਇਰਿੰਗ ਕੀਤੀ, ਦੋਵਾਂ ਦੀ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਵਸੀਮ ਬਾਰੀ ਬਾਂਦੀਪੋਰਾ ਜ਼ਿਲ੍ਹੇ ਦੇ ਸਾਬਕਾ ਭਾਜਪਾ ਪ੍ਰਧਾਨ ਵੀ ਸਨ। ਵਸੀਮ ਬਾਰੀ ਸਮੇਤ ਤਿੰਨੋਂ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਘਰ ਦੀ ਦੁਕਾਨ ਦੇ ਬਾਹਰ ਗੋਲੀਆਂ ਮਾਰੀਆਂ ਗਈਆਂ। ਇਸ ਦੌਰਾਨ ਉਸ ਨਾਲ ਕੋਈ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ। ਪੁਲਿਸ ਨੇ ਪਰਿਵਾਰ ਨੂੰ ਮਿਲੇ 8 ਸੁਰੱਖਿਆ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।