ਨਵੀਂ ਦਿੱਲੀ: ਏਅਰਟੈਲ, ਵੋਡਾਫ਼ੋਨ ਅਤੇ ਆਈਡੀਆ ਦੇ ਖਪਤਕਾਰਾਂ ਲਈ 1 ਦਸੰਬਰ, 2019 ਤੋਂ ਮੋਬਾਇਲ ਉੱਤੇ ਗੱਲ ਕਰਨੀ ਮਹਿੰਗੀ ਹੋ ਜਾਵੇਗੀ। ਮੋਬਾਇਲ ਕੰਪਨੀਆਂ ਨੇ ਬੀਤੇ ਸੋਮਵਾਰ ਨੂੰ ਇਹ ਐਲਾਨ ਕੀਤਾ ਸੀ।
ਵਿੱਤੀ ਸੰਕਟ ਕਾਰਨ ਵੋਡਾਫ਼ੋਨ-ਆਈਡੀਆ ਤੇ ਏਅਰਟੈਲ ਨੇ ਇੱਕ ਦਸੰਬਰ ਤੋਂ ਮੋਬਾਇਲ ਸੇਵਾ ਦੀਆਂ ਦਰਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਦੋਵੇਂ ਕੰਪਨੀਆਂ ਵੱਲੋਂ ਹਾਲੇ ਇਹ ਨਹੀਂ ਦੱਸਿਆ ਗਿਆ ਕਿ ਮੋਬਾਇਲ ਫ਼ੋਨ ਦਰਾਂ ਵਿੱਚ ਕਿੰਨਾ ਵਾਧਾ ਹੋਵੇਗਾ।
ਦੂਰਸੰਚਾਰ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਮਹੀਨਿਆਂ ਅੰਦਰ ਜੀਓ ਦੇ ਖਪਤਕਾਰਾਂ ਨੂੰ ਵੀ ਵੱਧ ਖ਼ਰਚਾ ਕਰਨਾ ਪਵੇਗਾ। ਇਸ ਦਾ ਕਾਰਨ IUC ਫ਼ੀਸ ਖ਼ਤਮ ਨਾ ਹੋਣਾ ਹੋਵੇਗਾ। ਟੈਲੀਕਾਮ ਰੈਗੂਲੇਟਰੀ ਅਥਾਰਟੀ (ਟ੍ਰਾਈ) ਵੱਲੋਂ ਇਸ ਵਿਵਾਦਗ੍ਰਸਤ ਮੁੱਦੇ ਉੱਤੇ ਆਪਣੀ ਰਾਏ ਇਸ ਮਹੀਨੇ ਦੇ ਅੰਤ ਤੱਕ ਦਿੱਤੇ ਜਾਣ ਦੀ ਆਸ ਹੈ।
ਮੰਨਿਆ ਜਾ ਰਿਹਾ ਹੈ ਕਿ ਵੋਡਾਫੋਨ-ਆਈਡੀਆ ਤੇ ਏਅਰਟੈਲ ਦੇ ਵਿਰੋਧ ਕਾਰਨ ਇਹ ਫ਼ੀਸ ਜਾਰੀ ਰਹੇਗੀ। ਉੱਧਰ, ਰਿਲਾਇੰਸ ਜੀਓ ਨੇ ਕਿਹਾ ਸੀ ਕਿ ਜੇ ਆਈਯੂਸੀ ਖ਼ਤਮ ਕਰਨ ਦੀ ਤਰੀਕ ਇੱਕ ਜਨਵਰੀ ਤੋਂ ਅੱਗੇ ਵਧਾਈ ਜਾਂਦੀ ਹੈ, ਤਾਂ ਇਸ ਨਾਲ ਮੁਫ਼ਤ ਵਾਇਸ ਕਾੱਲ ਦਾ ਦੌਰ ਖ਼ਤਮ ਹੋ ਜਾਵੇਗਾ ਤੇ ਫ਼ੀਸ ਦਰਾਂ ਵਿੱਚ ਵਾਧਾ ਹੋ ਸਕਦਾ ਹੈ। ਦੱਸਣਾ ਬਣਦਾ ਹੈ ਕਿ ਵੋਡਾਫ਼ੋਨ-ਆਈਡੀਆ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ 50,922 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਹੋਇਆ ਹੈ।