ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਦੇਸ਼ਭਰ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਇਸ ਐਕਟ ਨੂੰ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਲਈ ਭਾਰਤ ਇਕਲੌਤਾ ਦੇਸ਼ ਹੈ ਅਤੇ ਮੁਸਲਮਾਨ ਦੁਨੀਆ ਦੇ 150 ਇਸਲਾਮਿਕ ਦੇਸ਼ਾਂ ਚੋਂ ਕਿਸੇ ਦੀ ਵੀ ਚੋਣ ਕਰ ਸਕਦੇ ਹਨ।
ਹਿੰਦੂਆਂ ਲਈ ਭਾਰਤ ਇਕਲੌਤਾ ਦੇਸ਼, ਮੁਸਲਮਾਨਾਂ ਕੋਲ ਜਾਣ ਲਈ 150 ਦੇਸ਼: ਵਿਜੇ ਰੁਪਾਨੀ - ਵਿਜੇ ਰੁਪਾਨੀ
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਦਾ ਕਹਿਣਾ ਹੈ ਕਿ ਮੁਸਲਮਾਨ ਦੁਨੀਆ ਦੇ 150 ਇਸਲਾਮਿਕ ਦੇਸ਼ਾਂ ਚੋਂ ਕਿਸੇ ਦੀ ਵੀ ਚੋਣ ਕਰ ਸਕਦੇ ਹਨ ਪਰ ਹਿੰਦੂਆਂ ਲਈ ਭਾਰਤ ਇਕਲੌਤਾ ਦੇਸ਼ ਹੈ।
ਉੱਥੇ ਹੀ ਇਸ ਐਕਟ ਦਾ ਵਿਰੋਧ ਕਰ ਰਹੀ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਸ ਵਿਸ਼ੇ ‘ਤੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਇੱਛਾਵਾਂ ਦਾ ਸਤਿਕਾਰ ਨਹੀਂ ਕਰ ਰਹੀ। ਰੁਪਾਨੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਵੰਡ ਵੇਲੇ 22 ਪ੍ਰਤੀਸ਼ਤ ਹਿੰਦੂ ਸਨ। ਹੁਣ ਤੰਗ-ਪ੍ਰੇਸ਼ਾਨ, ਬਲਾਤਕਾਰ ਅਤੇ ਤਸ਼ੱਦਦ ਕੀਤੇ ਜਾਣ ਕਾਰਨ ਉਨ੍ਹਾਂ ਦੀ ਆਬਾਦੀ ਸਿਰਫ 3 ਪ੍ਰਤੀਸ਼ਤ ਰਹਿ ਗਈ ਹੈ। ਇਸ ਲਈ ਹਿੰਦੂ ਵਾਪਸ ਭਾਰਤ ਆਉਣਾ ਚਾਹੁੰਦੇ ਹਨ। ਅਸੀਂ ਉਹੀ ਕੰਮ ਕਰ ਰਹੇ ਹਾਂ ਜੋ ਕਾਂਗਰਸ ਨੂੰ ਇਨ੍ਹਾਂ ਦੁਖੀ ਹਿੰਦੂਆਂ ਦੀ ਸਹਾਇਤਾ ਲਈ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇਹ ਕੰਮ ਕਰ ਰਹੇ ਹਾਂ ਤਾਂ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋ।' ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਚ ਹਿੰਦੂ ਆਬਾਦੀ ਸਿਰਫ 2 ਪ੍ਰਤੀਸ਼ਤ ਰਹਿ ਗਈ ਹੈ।