ਨਵੀਂ ਦਿੱਲੀ: ਰਾਜ ਸਭਾ ਮੈਂਬਰ ਵਿਜੈ ਗੋਇਲ ਨੇ ਬਜਟ ਸੈਸ਼ਨ ਦੌਰਾਨ ਪ੍ਰਸ਼ਨਕਾਲ 'ਚ ਦਿੱਲੀ ਦਾ ਨਾਂਅ ਬਦਲੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੰਗਰੇਜ਼ੀ 'ਚ ਦਿੱਲੀ ਦੇ ਸਪੈਲਿੰਗ ਬਦਲੇ ਜਾਣੇ ਚਾਹੀਦੇ ਹਨ। ਡੇਲਹੀ (DELHI) ਦੀ ਥਾਂ ਦਿੱਲੀ ਦੇ ਸਪੈਲਿੰਗ (DILLI) ਕੀਤੇ ਜਾਣ।
ਗੋਇਲ ਨੇ ਕਿਹਾ ਕਿ ਦਿੱਲੀ ਦਾ ਨਾਂਅ ਬਦਲਣ 'ਤੇ ਉਹ ਹੋਰ ਸਿਆਸੀ ਪਾਰਟੀਆਂ ਨਾਲ ਵੀ ਚਰਚਾ ਕਰਨਗੇ ਤੇ ਬਾਅਦ 'ਚ ਇਸ ਸਬੰਧ 'ਚ ਇੱਕ ਮਤਾ ਵੀ ਗ੍ਰਹਿ ਮੰਤਰਾਲੇ ਨੂੰ ਭੇਜਣਗੇ। ਦੂਜੇ ਪਾਸੇ, ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਮਤਾ ਮਿਲਣ 'ਤੇ ਉਨ੍ਹਾਂ ਦਾ ਮੰਤਰਾਲਾ ਸਬੰਧਤ ਵਿਭਾਗ ਨੂੰ ਭੇਜ ਦੇਵੇਗਾ।
ਰਾਜਾ ਦਿੱਲੂ ਤੋਂ ਮਿਲੀ ਦਿੱਲੀ
ਵਿਜੈ ਗੋਇਲ ਨੇ ਦੱਸਿਆ ਕਿ ਪੁਰਾਣੀ ਧਾਰਨਾ ਅਨੁਸਾਰ ਦਿੱਲੀ ਦਾ ਨਾਂਅ ਮੌਰੀਆ ਰਾਜਵੰਸ਼ ਦੇ ਸ਼ਾਸਕ ਰਾਜਾ ਦਿੱਲੂ ਤੋਂ ਮਿਲਿਆ ਹੈ ਜਿਨ੍ਹਾਂ ਨੇ ਪਹਿਲੀ ਸ਼ਤਾਬਦੀ ਈਸਾ ਪੂਰਵ 'ਚ ਸ਼ਹਿਰ ਦਾ ਨਾਂਅ ਆਪਣੇ ਨਾਂਅ 'ਤੇ ਰੱਖ ਦਿੱਤਾ ਸੀ। ਹਾਲਾਂਕਿ ਕੁੱਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਦਿੱਲੀ ਦਾ ਨਾਂਅ ਦਹਿਲੀਜ ਸ਼ਬਦ ਤੋਂ ਮਿਲਿਆ ਹੈ, ਕਿਉਂਕਿ ਦਿੱਲੀ ਨੂੰ ਇੱਕ ਤਰ੍ਹਾਂ ਨਾਲ ਸਿੰਧੂ, ਗੰਗਾ ਦੇ ਮੈਦਾਨਾਂ 'ਚ ਪ੍ਰਵੇਸ਼ ਦੁਆਰ ਦੇ ਰੂਪ ਚ ਵੇਖਿਆ ਜਾਂਦਾ ਹੈ।
ਕਈ ਸ਼ਹਿਰਾਂ ਦੇ ਬਦਲੇ ਨਾਂਅ
ਸੁਤੰਤਰਤਾ ਤੋਂ ਬਾਅਦ ਕਈ ਵੱਡੇ ਸ਼ਹਿਰਾਂ ਦੇ ਨਾਂਅ ਕਾਨੂੰਨ ਪਾਸ ਕਰਕੇ ਬਦਲੇ ਗਏ ਹਨ। ਜਿਵੇਂ ਕੋਚੀਨ ਦਾ ਨਾਂਅ ਬਦਲ ਕੇ ਕੋਚਿ ਰੱਖਿਆ ਗਿਆ। ਗੋਹਾਟੀ ਦਾ ਗੁਵਾਹਾਟੀ, ਬੌਂਬੇ ਦਾ ਮੁੰਬਈ ਤੇ ਇੰਦੂਰ ਦਾ ਨਾਂਅ ਇੰਦੌਰ ਰੱਖਿਆ ਗਿਆ। ਇਸ ਤੋਂ ਇਲਾਵਾ ਪੁਨੇ ਨੂੰ ਪੁਣੇ 'ਚ ਬਦਲਿਆ ਗਿਆ। ਬਨਾਰਸ ਵਾਰਾਣਸੀ ਬਣ ਗਿਆ। ਠੀਕ ਉਸੇ ਤਰ੍ਹਾਂ ਕਲਕੱਤਾ ਕੋਲਕਾਤਾ ਹੋ ਗਿਆ। ਇੰਨਾ ਹੀ ਨਹੀਂ ਕਈ ਸ਼ਹਿਰਾਂ ਦੇ ਨਾਂਅ ਦੇ ਸਪੈਲਿੰਗ ਵੀ ਬਦਲੇ ਗਏ ਜਿਵੇਂ kawnpore ਬਣਿਆ kanpur, Monghyr ਬਣਿਆ munger ਤੇ Orissa ਨੂੰ odisha ਕੀਤਾ ਗਿਆ।