ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮਸਲੇ 'ਤੇ ਦਿੱਤੇ ਬਿਆਨ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ 'ਚ ਜ਼ੋਰਦਾਰ ਹੰਗਾਮਾ ਹੋਇਆ। ਕਾਂਗਰਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਸਿਰ ਨੀਂਵਾ ਕਰ ਦਿੱਤਾ ਹੈ।
ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸੰਸਦ 'ਚ ਆ ਕੇ ਇਸ ਮੁੱਦੇ 'ਤੇ ਸਪੱਸ਼ਟੀਕਰਨ ਦੇਣ ਕਿ, ਕੀ ਭਾਰਤ ਤੇ ਅਮਰੀਕਾ ਵਿਚਾਲੇ ਅਜਿਹੀ ਗੱਲਬਾਤ ਹੋਈ ਸੀ? ਜੇ ਨਹੀਂ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਕਸ਼ਮੀਰ ਵਿਵਾਦ ਬਾਰੇ ਝੂਠਾ ਬਿਆਨ ਦਿੱਤਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ 'ਚ ਕਿਹਾ ਕਿ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਨਾਲ ਕਸ਼ਮੀਰ ਮਸਲੇ 'ਤੇ ਵਿਚੋਲਗੀ ਦੀ ਅਪੀਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਸਾਰੇ ਮੁੱਦੇ ਸਿਰਫ ਦੁਵੱਲੇ ਪੱਧਰ ਦੇ ਹਨ। ਜੈਸ਼ੰਕਰ ਨੇ ਕਿਹਾ ਪਾਕਿਸਤਾਨ ਨਾਲ ਕਿਸੇ ਵੀ ਮਸਲੇ 'ਤੇ ਦੁਵੱਲੇ ਪੱਧਰ ਦੀ ਵਾਰਤਾ ਹੋਵੇਗੀ। ਭਾਰਤ ਦਾ ਸਪੱਸ਼ਟ ਰੁਖ ਹੈ ਕਿ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੇ ਵਪਾਰ ਦੀ ਪਹਿਲੀ ਸ਼ਰਤ ਸਰਹੱਦ ਪਾਰ ਅੱਤਵਾਦ ਦਾ ਖਾਤਮਾ ਹੈ। ਦੱਸਣਯੋਗ ਹੈ ਕਿ ਐੱਸ ਜੈਸ਼ੰਕਰ ਜੀ-20 ਸ਼ਿਖਰ ਸੰਮੇਲਨ ਦੌਰਾਨ ਮੋਦੀ ਦੇ ਨਾਲ ਜਾਪਾਨ ਗਏ ਸਨ।
ਰਾਜ ਸਭਾ ਕਾਂਗਰਸ ਸੰਸਦ ਮੈਂਬਰ ਆਨੰਦ ਸ਼ਰਮਾ ਨੇ ਕਿਹਾ ਕਿ ਪੂਰਾ ਦੇਸ਼ ਹੈਰਾਨ ਹੋ ਗਿਆ ਸੀ ਜਦ ਬੀਤੀ ਰਾਤ ਡੋਨਲਡ ਟਰੰਪ ਨੇ ਇਹ ਗੱਲ ਆਖੀ ਕਿ ਪੀਐਮ ਮੋਦੀ ਨੇ ਕਸ਼ਮੀਰ ਮੁੱਦੇ 'ਤੇ ਉਨ੍ਹਾਂ ਤੋਂ ਮਦਦ ਮੰਗੀ ਹੈ। ਸ਼ਰਮਾ ਨੇ ਕਿਹਾ ਕਿ ਸਾਨੂੰ ਕਸ਼ਮੀਰ ਮੁੱਦੇ ਦੀ ਸੰਵੇਦਨਸ਼ੀਲਤਾ ਦਾ ਅਹਿਸਾਸ ਹੈ। ਭਾਰਤ ਅਜਿਹੇ ਮੁੱਦਿਆਂ 'ਤੇ ਹਮੇਸ਼ਾ ਇੱਕੋ ਸੁਰ 'ਚ ਬੋਲਦਾ ਹੈ ਪਰ ਜਦੋਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਮੁਖੀਆ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਅਜਿਹੀ ਗੱਲ ਕਰਦਾ ਹੈ ਤਾਂ ਪੀਐਮ ਨੂੰ ਸਦਨ 'ਚ ਆਪ ਆ ਕੇ ਜਵਾਬ ਦੇਣਾ ਚਾਹੀਦਾ।
ਕਸ਼ਮੀਰ ਵਿਵਾਦ: ਟਰੰਪ ਦੇ ਬਿਆਨ ਨੇ ਭਾਰਤੀ ਸੰਸਦ 'ਚ ਲਿਆਂਦਾ ਭੂਚਾਲ - Donald Trump Kashmir
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਤੋਂ ਬਾਅਦ ਭਾਰਤੀ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਲੈ ਕੇ ਸੰਸਦ 'ਚੋਂ ਵਾਕਆਊਟ ਕਰ ਦਿੱਤਾ। ਹਾਲਾਂਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਪੱਸ਼ਟੀਕਰਨ ਦਿੱਤਾ ਤੇ ਕਿਹਾ ਕਿ ਪੀਐੱਮ ਮੋਦੀ ਨੇ ਕਸ਼ਮੀਰ ਮਸਲੇ 'ਤੇ ਕਦੇ ਵਿਚੋਲਗੀ ਦੀ ਅਪੀਲ ਨਹੀਂ ਕੀਤੀ।
ਰਾਜ ਸਭਾ
ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਇੱਕ ਬਿਆਨ 'ਚ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਸ਼ਮੀਰ ਵਿਵਾਦ 'ਤੇ ਵਿਚੋਲਗੀ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਅੱਜ ਟਰੰਪ ਨੇ ਵਿਚੋਲਗੀ ਦੀ ਪੇਸ਼ਕਸ਼ ਕੀਤੀ।