ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ (89) ਦਾ ਲੰਮੀ ਬਿਮਾਰੀ ਤੋਂ ਬਾਅਦ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸੀਐਮ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਉਹ ਮੰਗਲਵਾਰ ਨੂੰ ਅੰਤਿਮ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
ਸਿਹਤ ਵਿਗੜਨ ਕਾਰਨ ਯੋਗੀ ਦੇ ਪਿਤਾ ਨੂੰ ਪਿਛਲੇ ਮਹੀਨੇ ਦਿੱਲੀ ਸਥਿਤ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪਿਤਾ ਲੀਵਰ ਦੀ ਬੀਮਾਰੀ ਨਾਲ ਪੀੜਤ ਸਨ। ਉਨਾਂ ਨੇ ਸੋਮਵਾਰ ਸਵੇਰੇ ਲਗਭਗ 10:44 ਵਜੇ ਆਖਰੀ ਸਾਹ ਲਿਆ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋਣਗੇ। ਯੋਗੀ ਆਦਿੱਤਿਆਨਾਥ ਨੇ ਕਿਹਾ, "ਆਪਣੇ ਪੂਜਨੀਯ ਪਿਤਾ ਜੀ ਦੇ ਕੈਲਾਸ਼ਵਾਸੀ ਹੋਣ 'ਤੇ ਮੈਨੂੰ ਭਾਰੀ ਦੁੱਖ ਅਤੇ ਸੋਗ ਹੈ। ਉਹ ਮੇਰੇ ਜਨਮਦਾਤਾ ਹਨ। ਜੀਵਨ 'ਚ ਈਮਾਨਦਾਰੀ, ਸਖ਼ਤ ਮਿਹਨਤ ਨਾਲ ਕੰਮ ਕਰਨ ਦੇ ਸੰਸਕਾਰ ਬਚਪਨ 'ਚ ਉਨਾਂ ਨੇ ਮੈਨੂੰ ਦਿੱਤੇ। ਆਖਰੀ ਪਲਾਂ 'ਚ ਉਨ੍ਹਾਂ ਦੇ ਦਰਸ਼ਨ ਦੀ ਬਹੁਤ ਇੱਛਾ ਸੀ ਪਰ ਵੈਸ਼ਵਿਕ ਮਹਾਂਮਾਰੀ ਕੋਰੋਨਾ ਵਾਇਰਸ ਵਿਰੁੱਧ ਦੇਸ਼ ਦੀ ਲੜਾਈ ਨੂੰ ਪ੍ਰਦੇਸ਼ ਦੀ 23 ਕਰੋੜ ਜਨਤਾ ਦੇ ਹਿੱਤ ਅੱਗੇ ਵਧਾਉਣ ਦੇ ਕਰਤੱਵ ਕਾਰਨ ਅਜਿਹਾ ਨਹੀਂ ਹੋ ਸਕਿਆ। ਕੱਲ ਯਾਨੀ 21 ਅਪ੍ਰੈਲ ਨੂੰ ਅੰਤਿਮ ਸੰਸਕਾਰ 'ਚ ਲਾਕਡਾਊਨ ਦੀ ਸਫ਼ਲਤਾ ਅਤੇ ਮਹਾਂਮਾਰੀ ਨੂੰ ਹਰਾਉਣ ਦੀ ਰਣਨੀਤੀ ਕਾਰਨ ਹਿੱਸਾ ਨਹੀਂ ਲੈ ਪਾ ਰਿਹਾ ਹਾਂ।"
ਨਾਲ ਹੀ ਯੋਗੀ ਆਦਿੱਤਿਆਨਾਥ ਨੇ ਅਪੀਲ ਕੀਤੀ ਕਿ ਲੌਕਡਾਊਨ ਦੀ ਪਾਲਣਾ ਕਰਦੇ ਹੋਏ ਘੱਟ ਤੋਂ ਘੱਟ ਲੋਕ ਸਸਕਾਰ ਵਿੱਚ ਸ਼ਾਮਲ ਹੋਣ।