ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ 7 ਜੁਲਾਈ ਨੂੰ ਬਾਦਲਾਂ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਈ ਤੇ ਇਸ ਦਾ ਨਾਂਅ ਵੀ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ। ਹੁਣ ਢੀਂਡਸਾ ਨੇ ਬਿਆਨ ਦਿੱਤਾ ਹੈ ਕਿ ਯੂਨਾਈਟਿਡ ਅਕਾਲੀ ਦਲ ਤੇ ਉਨ੍ਹਾਂ ਦਾ ਅਕਾਲੀ ਦਲ ਦੋਵੇਂ ਮਰਜ ਹੋਣਗੇ ਤੇ 25 ਜੁਲਾਈ ਨੂੰ ਜਲੰਧਰ ‘ਚ ਇਸਦਾ ਐਲਾਨ ਕੀਤਾ ਜਾਵੇਗਾ, ਜਿਸ ਮਗਰੋਂ ਟਕਸਾਲੀ ਅਕਾਲੀਆਂ ਤੇ 1920 ਅਕਾਲੀਆਂ ਨੂੰ ਵੀ ਨਾਲ ਜੋੜਿਆ ਜਾਵੇਗਾ।
ਯੂਨਾਈਟਿਡ ਅਕਾਲੀ ਦਲ ਤੇ ਢੀਂਡਸਾ ਦੇ ਅਕਾਲੀ ਦਲ ਦਾ ਹੋਵੇਗਾ ਰਲੇਵਾਂ ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੇ ਦਿੱਲੀ ਆ ਕੇ ਐਂਟੀ ਬਾਦਲ ਲੋਕਾਂ ਨਾਲ ਮੁਲਾਕਾਤ ਸ਼ੁਰੂ ਕਰ ਦਿੱਤੀ ਹੈ ਤੇ 6 ਮਹੀਨੇ ਬਾਅਦ ਆਉਣ ਵਾਲੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਬਾਦਲ ਖਿਲਾਫ਼ ਪ੍ਰਚਾਰ ਕਰਨ ਦੀ ਗੱਲ ਕਹੀ ਹੈ। ਸੁਖਦੇਵ ਢੀਂਡਸਾ ਦਾ ਕਹਿਣਾ ਹੈ ਕਿ ਹੋਰਨਾਂ ਪਾਰਟੀਆਂ ਨੂੰ ਨਾਲ ਲੈ ਕੇ ਬਾਦਲ ਧੜੇ ਨੂੰ ਗੁਰਦੁਆਰਾ ਚੋਣਾਂ ‘ਚ ਹਰਾਉਣਾ ਸਾਡਾ ਟੀਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਦਾ ਚੋਣ ਨਿਸ਼ਾਨ ਛੇਤੀ ਹੀ ਆ ਜਾਵੇਗਾ।
ਇਸ ਤੋਂ ਪਹਿਲਾਂ 7 ਜੁਲਾਈ ਨੂੰ ਲੁਧਿਆਣਾ ਵਿੱਚ ਅਕਾਲੀ ਦਲ ਦੇ ਬਾਗ਼ੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ। ਲੁਧਿਆਣਾ ਦੇ ਵਿੱਚ ਹੋਏ ਇਕੱਠ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਸੀ। ਸਾਬਕਾ ਪਾਰਲੀਮੈਂਟ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਉਨ੍ਹਾਂ ਦੇ ਨਾਂ ਦਾ ਮਤਾ ਰੱਖਿਆ ਸੀ ਤੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਢੀਂਡਸਾ ਦੇ ਨਾਂ ਦੀ ਪ੍ਰਧਾਨ ਵੱਜੋਂ ਹਾਮੀ ਭਰੀ। ਇਸ ਤੋਂ ਬਾਅਦ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਵੀ ਇਸ 'ਤੇ ਆਪਣੀ ਸਹਿਮਤੀ ਜਤਾਈ।
ਅਕਾਲੀ ਦਲ ਟਕਸਾਲੀ ਵੱਲੋਂ ਸਿਰਫ਼ ਸੇਵਾ ਸਿੰਘ ਸੇਖਵਾਂ ਅਤੇ ਬੀਰ ਦਵਿੰਦਰ ਨੇ ਹੀ ਹਾਜ਼ਰੀ ਭਰੀ ਸੀ, ਜਦਕਿ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਇਸ ਮੌਕੇ ਨਹੀਂ ਪਹੁੰਚੇ। ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਡੀਐੱਸਜੀਐੱਮਸੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਇਸ ਮੌਕੇ 'ਤੇ ਖ਼ਾਸ ਤੌਰ 'ਤੇ ਪਹੁੰਚੇ ਸਨ।