ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਇੱਕ ਤਰ੍ਹਾਂ ਨਾਲ ਲਗਾਈ ਜਾ ਰਹੀ ਆਰਥਿਕ ਨਾਕਾਬੰਦੀ ਨੂੰ ਲੈ ਕੇ ਸੂਬੇ ਵਿੱਚ ਰੋਸ ਹੈ। ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਰੋਕੀ ਗਈ ਆਵਾਜ਼ਾਈ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੰਸਦ ਮੈਂਬਰਾਂ ਅਤੇ ਰੇਲ ਮੰਤਰੀ ਵਿਚਕਾਰ ਤਲਖੀ ਵਾਲਾ ਮਹੌਲ ਪੈਦਾ ਹੋ ਗਿਆ। ਇਸ ਸਾਰੇ ਘਟਨਾਕ੍ਰਮ ਬਾਰੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।
'ਕੇਂਦਰ ਸਰਕਾਰ ਪੰਜਾਬ ਨੂੰ ਆਰਥਿਕ ਘੇਰਾਬੰਦੀ ਵੱਲ ਧੱਕਣਾ ਚਹੁੰਦੀ ਹੈ' ਗੱਲਬਾਤ ਦੌਰਾਨ ਔਜਲਾ ਨੇ ਕਿਹਾ ਕਿ ਰੇਲ ਗੱਡੀਆਂ ਨਾ ਚੱਲਣ ਕਾਰਨ ਜੋ ਪੰਜਾਬ ਵਿੱਚ ਹਾਲਾਤ ਬਣੇ ਹਨ ਉਨ੍ਹਾਂ ਬਾਰੇ ਜਾਣਕਾਰੀ ਰੇਲ ਮੰਤਰੀ ਨੂੰ ਦਿੱਤੀ ਗਈ। ਕੋਲਾ ਅਤੇ ਖਾਦ ਪੰਜਾਬ ਵਿੱਚ ਨਾ ਪਹੁੰਚਣ ਕਾਰਨ ਬਿਜਲੀ ਅਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਸੰਕਟ ਪੈਦਾ ਹੋ ਰਿਹਾ ਹੈ। ਔਜਲਾ ਨੇ ਕਿਹਾ ਕਿ ਰੇਲ ਮੰਤਰੀ ਦਾ ਰਵਈਆ ਗੈਰ-ਜ਼ਿੰਮੇਵਰਾਨਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਚਹੁੰਦੇ ਹਨ ਕਿ ਕਿਸਾਨ ਆਪਣੇ ਸੰਘਰਸ਼ ਤੋਂ ਪਿੱਛੇ ਹੱਟ ਜਾਣ।
'ਕੇਂਦਰ ਸਰਕਾਰ ਪੰਜਾਬ ਨੂੰ ਆਰਥਿਕ ਘੇਰਾਬੰਦੀ ਵੱਲ ਧੱਕਣਾ ਚਹੁੰਦੀ ਹੈ' ਔਜਲਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਫਿਰ ਪੰਜਾਬ ਸਰਕਾਰ ਵੱਲੋਂ ਆਪਣੇ ਖੇਤੀ ਬਿੱਲ ਪਾਸ ਕੀਤੇ ਜਾਣ ਕਾਰਨ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਸਜ਼ਾ ਦੇ ਰਹੀ ਹੈ। ਪੰਜਾਬ ਨੂੰ ਆਰਥਿਕ ਨਾਕਾਬੰਦੀ ਵੱਲ ਧੱਕਿਆ ਜਾ ਰਿਹਾ ਹੈ, ਜਿਸ ਦੇ ਸਿੱਟੇ ਠੀਕ ਨਹੀਂ ਹੋਣਗੇ।
ਉਨ੍ਹਾਂ ਨੇ ਇੱਕ ਅਹਿਮ ਮੁੱਦਾ ਚੁੱਕਦੇ ਹੋਏ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਤੋਂ ਬਾਹਰ ਬੈਠੀਆਂ ਤਾਕਤਾਂ ਪੰਜਾਬ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ ਅਤੇ ਜੇ ਕੇਂਦਰ ਸਰਕਾਰ ਪੰਜਾਬ ਨਾਲ ਅਜਿਹਾ ਵਿਵਹਾਰ ਕਰੇਗੀ ਤਾਂ ਉਨ੍ਹਾਂ ਤਾਕਤਾਂ ਨੂੰ ਮਜ਼ਬੂਤੀ ਮਿਲੇਗੀ। ਅੱਸੀ ਦੇ ਦਹਾਕੇ ਵਿੱਚ ਪੰਜਾਬ ਪਹਿਲਾਂ ਹੀ ਕਾਲਾ ਦੌਰ ਦੇਖ ਚੁੱਕਿਆ ਹੈ ਅਤੇ ਹੁਣ ਅਜਿਹੇ ਹਾਲਾਤ ਦੁਬਾਰਾ ਪੈਦਾ ਕਰਨ ਦੇ ਕੋਸ਼ਿਸ਼ਾਂ ਨੂੰ ਰੋਕਣਾ ਚਾਹੀਦਾ ਹੈ।
ਅੱਜ ਦੀ ਬੈਠਕ ਤੋਂ ਬਾਅਦ ਕਾਂਗਰਸ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਸ ਬਾਰੇ ਔਜਲਾ ਨੇ ਕਿਹਾ ਕਿ ਇਸ ਦਾ ਫ਼ੈਸਲਾ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਹੋਵੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਪੰਜਾਬ ਦੇ ਸਾਂਸਦਾਂ ਨਾਲ ਇੱਕ ਬੈਠਕ ਬੁਲਾਈ ਹੈ। ਪੰਜਾਬ ਦੇ ਸਾਂਸਦਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਲਈ ਸਮਾਂ ਮੰਗਿਆ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਗ੍ਰਹਿ ਮੰਤਰੀ ਦੀ ਇਸ ਬਾਰੇ ਜ਼ਿੰਮੇਵਾਰੀ ਲਗਾਈ ਗਈ ਹੈ।
ਲੋਕ ਸਭਾ ਅਤੇ ਰਾਜ ਸਭਾ ਦੇ ਸਾਂਸਦਾਂ ਤੋਂ ਵੱਖ-ਵੱਖ ਵਫ਼ਦ ਰੇਲ ਮੰਤਰੀ ਨੂੰ ਕਿਉਂ ਮਿਲੇ ਪੁੱਛੇ ਜਾਣ ਤੇ ਔਜਲਾ ਨੇ ਕਿਹਾ ਕਿ ਦੂਲੋ ਅਤੇ ਬਾਜਵਾ ਦੋਨੋਂ ਸੀਨੀਅਰ ਆਗੂ ਹਨ ਅਤੇ ਇਸ ਬਾਰੇ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ । ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰੇਲ ਮੰਤਰੀ ਨਾਲ ਬੈਠਕ ਸਕਾਰਾਤਮਕ ਰਹੀ ਜਦੋਂ ਕਿ ਔਜਲਾ ਨੇ ਕਿਹਾ ਕਿ ਇਹ ਬੇਸਿੱਟਾ ਰਹੀ।