ਲੰਦਨ: ਬੁੱਧਵਾਰ ਨੂੰ ਬ੍ਰਿਟੇਨ ਦੀ ਪ੍ਰਧਾਨਮੰਤਰੀ ਥੇਰੇਸਾ ਨੇ ਬ੍ਰਿਟਿਸ਼ ਸੰਸਦ 'ਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ 'ਤੇ ਅਫਸੋਸ ਜਤਾਇਆ ਹੈ। ਥੇਰੇਸਾ ਨੇ ਸੰਸਦ ਵਿੱਚ ਕਿਹਾ ਕਿ ਜੋ ਵੀ ਹੋਇਆ ਅਤੇ ਉਸ ਤੋਂ ਲੋਕਾਂ ਨੂੰ ਜੋ ਵੀ ਦੁੱਖ ਝੱਲਣੇ ਪਏ ਉਸਦਾ ਬ੍ਰਿਟਿਸ਼ ਸਰਕਾਰ ਨੂੰ ਬੇਹੱਦ ਅਫਸੋਸ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਨੂੰ ਬ੍ਰਿਟਿਸ਼-ਭਾਰਤੀ ਇਤਿਹਾਸ ਦਾ ਸ਼ਰਮਨਾਕ ਧੱਬਾ ਦੱਸਿਆ ਹੈ। ਮਹਾਰਾਣੀ ਨੇ ਸੰਨ 1997 'ਚ ਜਲ੍ਹਿਆਂਵਾਲਾ ਬਾਗ਼ ਦੇ ਦੌਰੇ ਤੋਂ ਪਹਿਲਾਂ ਕਿਹਾ ਸੀ ਕਿ ਇਹ ਭਾਰਤ ਨਾਲ ਬ੍ਰਿਟੇਨ ਦੇ ਇਤਿਹਾਸ ਦੀ ਦੁੱਖ ਭਰੀ ਉਦਾਹਰਣ ਹੈ। ਜੋ ਹੋਇਆ ਉਸ ਦਾ ਸਾਨੂੰ ਬਹੁਤ ਅਫ਼ਸੋਸ ਹੈ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਸਾਨੂੰ ਖ਼ੁਸ਼ੀ ਹੈ ਕਿ ਅੱਜ ਭਾਰਤ-ਬ੍ਰਿਟੇਨ ਦੇ ਸਬੰਧ ਮਦਦ, ਸਾਂਝੇਦਾਰੀ ਅਤੇ ਸੁਰੱਖਿਆ ਵਾਲੇ ਹਨ। ਮੈਨੂੰ ਵਿਸ਼ਵਾਸ ਹੈ ਕਿ ਪੂਰਾ ਸਦਨ ਭਾਰਤ ਨਾਲ ਸਬੰਧਾਂ ਨੂੰ ਸੁਧਰਦਿਆਂ ਵੇਖਣਾ ਚਾਹੁੰਦਾ ਹੈ।"
ਬ੍ਰਿਟੇਨ ਦੀ ਪ੍ਰਧਾਨਮੰਤਰੀ ਥੇਰੇਸਾ ਮੇ ਨੇ ਅਫਸੋਸ ਤਾਂ ਪ੍ਰਗਟ ਕੀਤਾ ਪਰ ਇਸ ਵਾਰ ਵੀ ਉਨ੍ਹਾਂ ਮਾਫ਼ੀ ਨਹੀਂ ਮੰਗੀ। ਹਾਲਾਂਕਿ, ਇਸ ਦੌਰਾਨ ਸੰਸਦ 'ਚ ਵਿਰੋਧੀ ਧਿਰ ਦੇ ਆਗੂ ਜੇਰੇਮੀ ਕੌਰਬਿਨ ਨੇ ਥੇਰੇਸਾ ਨੂੰ ਮਾਫ਼ੀ ਮੰਗਣ ਲਈ ਵੀ ਕਿਹਾ। ਇਸ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ 100ਵੀਂ ਬਰਸੀ ਦੇ ਮੌਕੇ ਮਾਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਇਸ 'ਤੇ ਵਿਚਾਰ ਕਰਨ ਦੌਰਾਨ ਵਿੱਤੀ ਮੁਸ਼ਕਲਾਂ ਨੂੰ ਵੀ ਧਿਆਨ 'ਚ ਰੱਖਣ ਦੀ ਗੱਲ ਕਹੀ ਸੀ।
ਸਾਲ 2010 ਤੋਂ 2016 ਤੱਕ ਬ੍ਰਿਟੇਨ ਦੇ ਪ੍ਰਧਾਨਮੰਤਰੀ ਰਹੇ ਡੇਵਿਡ ਕੈਮਰਨ ਨੇ ਵੀ 2013 ਚ ਭਾਰਤ ਦੌਰੇ ਦੌਰਾਨ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਸੀ, ਪਰ ਉਨ੍ਹਾਂ ਵੀ ਮਾਫ਼ੀ ਨਹੀਂ ਮੰਗੀ ਸੀ।