ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਸੰਜਮ ਅਤੇ ਅਨੁਸ਼ਾਸਨ ਦੇ ਕਾਰਨ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਆ ਹਦਾਇਤਾਂ ਨੂੰ ਨਜ਼ਰ ਅੰਦਾਜ਼ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੀ ਅਣਦੇਖੀ ਕੋਰੋਨਾ ਦੀ ਦੂਜੀ ਜਾਂ ਤੀਜੀ ਲਹਿਰ ਨੂੰ "ਸੁਨਾਮੀ ਵਾਂਗ" ਸਰਗਰਮ ਕਰ ਸਕਦੀ ਹੈ।
ਮੁੱਖ ਮੰਤਰੀ ਠਾਕਰੇ ਨੇ ਕਿਹਾ, "ਪਹਿਲਾਂ ਅਸੀਂ ਆਪਣੇ ਸਾਰੇ ਤਿਉਹਾਰ ਸਾਵਧਾਨੀ ਨਾਲ ਮਨਾਏ ਸਨ। ਗਣੇਸ਼ ਉਤਸਵ ਜਾਂ ਦੁਸਹਿਰਾ। ਤੁਸੀਂ ਸਾਰੇ ਮੇਰੇ ਨਾਲ ਸਹਿਯੋਗ ਕਰ ਰਹੇ ਹੋ। ਦੀਵਾਲੀ ਮਨਾਉਣ ਵੇਲੇ ਵੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਪਟਾਕੇ ਨਾ ਚਲਾਓ ਅਤੇ ਤੁਸੀਂ ਇਸ ਦਾ ਪਾਲਣ ਕੀਤਾ। ਉਸ ਕਾਰਨ, ਕੋਵਿਡ ਵਿਰੁੱਧ ਲੜਾਈ ਸਾਡੇ ਨਿਯੰਤਰਣ ਵਿੱਚ ਹੈ।"
ਉਨ੍ਹਾਂ ਨੇ ਕਿਹਾ, "ਪਰ ਮੈਂ ਤੁਹਾਡੇ ਸਾਰਿਆਂ ਤੋਂ ਥੋੜਾ ਨਾਰਾਜ਼ ਹਾਂ। ਮੈਂ ਪਹਿਲਾਂ ਹੀ ਕਿਹਾ ਸੀ ਕਿ ਦੀਵਾਲੀ ਤੋਂ ਬਾਅਦ ਭੀੜ-ਭਾੜ ਹੋ ਜਾਵੇਗੀ। ਇਹ ਨਾ ਸੋਚੋ ਕਿ ਕੋਵਿਡ ਖਤਮ ਹੋ ਗਿਆ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਮਾਸਕ ਪਹਿਨੇ ਹੋਏ ਨਹੀਂ ਵੇਖਿਆ ਹੈ। ਇੰਨੇ ਲਾਪਰਵਾਹ ਨਾ ਬਣੋ। ਪੱਛਮੀ ਦੇਸ਼ਾਂ, ਦਿੱਲੀ ਜਾਂ ਅਹਿਮਦਾਬਾਦ ਹੋਵੇ। ਇਹ ਦੂਜੀ ਅਤੇ ਤੀਜੀ ਲਹਿਰ ਸੁਨਾਮੀ ਦੀ ਤਰ੍ਹਾਂ ਮਜ਼ਬੂਤ ਹੋਵੇਗੀ। ਅਹਿਮਦਾਬਾਦ ਨੇ ਨਾਈਟ ਕਰਫਿਊ ਵੀ ਲਗਾਇਆ ਹੈ।"